ਰਾਗੀਆਂ, ਗ੍ਰੰਥੀਆਂ ਤੇ ਪਾਠੀ ਸਿੰਘਾਂ ਨੂੰ ਉਚਿਤ ਤਨਖਾਹਾਂ ਯਕੀਨੀ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਖਲ ਦੀ ਮੰਗ ਕਰਨਗੇ ਸਪੀਕਰ

0
2023
Speaker to seek Sri Akal Takht Sahib’s intervention for ensuring fair salaries to Ragis, Granthis and Pathi Singhs

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਆਪਣੇ ਜੱਦੀ ਨਿਵਾਸ ਪਿੰਡ ਸੰਧਵਾਂ, ਜ਼ਿਲ੍ਹਾ ਫਰੀਦਕੋਟ ਵਿਖੇ ਗੁਰਬਾਣੀ ਸ਼ਬਦ ਕੀਰਤਨ ਦਾ ਆਯੋਜਨ ਕੀਤਾ, ਜਿੱਥੇ ਉਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਕੀਰਤਨ ਕਰਨ ਵਾਲੇ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਸਨਮਾਨਿਤ ਕੀਤਾ। ਇਸ ਪਵਿੱਤਰ ਮੌਕੇ ‘ਤੇ ਉਨ੍ਹਾਂ ਨੇ ਸਿੱਖ ਪੰਥ ਅਤੇ ਕੌਮ ਪ੍ਰਤੀ ਕੀਤੀ ਅਧਿਆਤਮਿਕ ਸੇਵਾ ਲਈ ਧੰਨਵਾਦੀ ਚਿੰਨ੍ਹ ਵਜੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ (ਸਿਰੋਪਾ) ਭੇਟ ਕੀਤਾ।

ਵਿਸ਼ੇਸ਼ ਮਹਿਮਾਨਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ‘ਪੰਜ ਪਿਆਰਿਆਂ’ ਵਿੱਚੋਂ ਇੱਕ ਭਾਈ ਅਮਨਦੀਪ ਸਿੰਘ ਸਨ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਮਹਾਨ ਕੋਸ਼ ਵਿੱਚ ਤਰੁਟੀਆਂ ਨੂੰ ਸੁਧਾਰਨ ਲਈ ਸਪੀਕਰ ਸੰਧਵਾਂ ਦੇ ਮਹੱਤਵਪੂਰਨ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਪੀਕਰ ਵੱਲੋਂ ਚੁੱਕੇ ਗਏ ਸੁਧਾਰਾਤਮਕ ਕਦਮ ਸਿੱਖ ਵਿਰਸੇ ਪ੍ਰਤੀ ਉਨ੍ਹਾਂ ਦੇ ਡੂੰਘੇ ਸਤਿਕਾਰ ਅਤੇ ਵਿਦਵਤਾ ਭਰਪੂਰ ਪ੍ਰਮਾਣਿਕਤਾ ਨੂੰ ਦਰਸਾਉਂਦੇ ਹਨ। ਭਾਈ ਅਮਨਦੀਪ ਸਿੰਘ ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਦੀ ਸਾਂਭ ਸੰਭਾਲ ਅਤੇ ਬਹਾਲੀ ਦੇ ਕੰਮ ਲਈ ਸੰਧਵਾਂ ਦੀ ਸਮਰਪਿਤ ਨਿਗਰਾਨੀ ਦੀ ਹੋਰ ਵੀ ਸ਼ਲਾਘਾ ਕੀਤੀ, ਇਹ ਅਸਥਾਨ ਸਿੱਖ ਇਤਿਹਾਸ ਵਿੱਚ ਮਹਾਨ ਕੁਰਬਾਨੀ ਅਤੇ ਵਿਸ਼ਵਾਸ ਨਾਲ ਜੁੜੇ ਹੋਣ ਕਰਕੇ ਬਹੁਤ ਸਤਿਕਾਰ ਰੱਖਦਾ ਹੈ।

ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਲਈ ਸਪੀਕਰ ਵੱਲੋਂ ਕੀਤੀਆਂ ਪਹਿਲਕਦਮੀਆਂ ਅਤੇ ਭਾਈ ਕਨ੍ਹਈਆ ਜੀ ਦੇ ਵਿਸ਼ਵ-ਵਿਆਪੀ ਸੰਦੇਸ਼, ਜਾਤ-ਪਾਤ, ਨਸਲ ਅਤੇ ਧਰਮ ਤੋਂ ਪਰੇ ਸੇਵਾ, ਦਇਆ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਅਤੇ ਰੱਬੀ ਬਖਸ਼ਿਸ਼ ਦਾ ਸ਼ੁਕਰਾਨਾ ਕੀਤਾ।

ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਸਿੱਖ ਧਾਰਮਿਕ ਪ੍ਰਸ਼ਾਸਨ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਹੋਰ ਵਿਸ਼ਵ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਦੇ ਅੰਦਰ ਸੰਸਥਾਗਤ ਜ਼ਿੰਮੇਵਾਰੀ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਉਚਿਤ ਅਤੇ ਸਨਮਾਨਯੋਗ ਮਿਹਨਤਾਨਾ ਮਿਲੇ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕਣ, ਆਪਣੇ ਮਾਤਾ-ਪਿਤਾ ਦੀ ਸੇਵਾ-ਸੰਭਾਲ ਕਰ ਸਕਣ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਮਾਣ ਨਾਲ ਪੂਰੀਆਂ ਕਰ ਸਕਣ।

ਸੰਧਵਾਂ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਸਾਰੇ ਗੁਰਦੁਆਰਿਆਂ ਦੇ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਲਈ ਘੱਟੋ-ਘੱਟ ਤਨਖਾਹ ਦਾ ਢਾਂਚਾ ਤੈਅ ਕਰਨ ਲਈ ਢੁਕਵੇਂ ਨਿਰਦੇਸ਼ ਜਾਰੀ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਥ ਲਈ ਸਮੂਹਿਕ ਚਿੰਤਾ ਦੇ ਇਸ ਮੁੱਦੇ ਨੂੰ ਅੱਗੇ ਵਧਾਉਣ ਲਈ ਜਥੇਦਾਰ ਨੂੰ ਨਿੱਜੀ ਤੌਰ ‘ਤੇ ਵੀ ਮਿਲਣਗੇ।

ਸੰਗਤ ਅੱਗੇ ਨਿਮਰਤਾ ਜ਼ਾਹਰ ਕਰਦਿਆਂ ਸਪੀਕਰ ਨੇ ਕਿਹਾ ਕਿ ਉਨ੍ਹਾਂ ਦਾ ਘਰ ਅਤੇ ਪਰਿਵਾਰ ਸਿੱਖ ਸਿਧਾਂਤਾਂ ਅਤੇ ਸਮਾਜ ਭਲਾਈ ਦੇ ਪ੍ਰਚਾਰ ਵਿਚ ਲੱਗੇ ਸ਼ਰਧਾਲੂਆਂ ਅਤੇ ਵਿਦਵਾਨਾਂ ਦੀ ਸੇਵਾ ਲਈ ਹਮੇਸ਼ਾ ਖੁੱਲ੍ਹਾ ਰਹੇਗਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਾਤਾ ਗੁਰਮੇਲ ਕੌਰ, ਬੀਬੀ ਗੁਰਪ੍ਰੀਤ ਕੌਰ ਸੰਧਵਾਂ, ਬੀਬੀ ਪਰਮਜੀਤ ਕੌਰ, ਐਡਵੋਕੇਟ ਬੀਰਇੰਦਰ ਸਿੰਘ ਸਮੇਤ ਕਈ ਪੰਥਕ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ, ਜਿਸ ਦੀ ਸਮਾਪਤੀ ਸਿੱਖ ਪੰਥ ਦੀ ਸ਼ਾਂਤੀ, ਏਕਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਹੋਈ।

LEAVE A REPLY

Please enter your comment!
Please enter your name here