ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਕੋਚ ਅਜੈ ਰਾਠੀ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਅਤੇ ਬੱਚਿਆਂ ਨੂੰ ਨਿਯਮਤ ਸਿਖਲਾਈ ਦੇਣ ਵਿੱਚ ਅਸਫਲ ਰਹਿਣ ਦੇ ਸਬੰਧ ਵਿੱਚ ਝੱਜਰ ਜ਼ਿਲ੍ਹੇ ਦੇ ਪਿੰਡ ਖਰਖਰ ਦੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਸਖ਼ਤ ਕਾਰਵਾਈ ਕਰਦਿਆਂ ਕੋਚ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਖੇਡ ਵਿਭਾਗ ਨੇ ਸੋਮਵਾਰ ਨੂੰ ਕੋਚ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਨੂੰ ਜਾਂਚ ਸਮੇਂ ਦੌਰਾਨ ਮੁੱਖ ਦਫਤਰ ਪੰਚਕੂਲਾ ਵਿਖੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਝੱਜਰ ਜ਼ਿਲ੍ਹੇ ਦੇ ਪਿੰਡ ਖਰਖਰ ਵਿੱਚ ਤਾਇਨਾਤ ਅਥਲੈਟਿਕ ਕੋਚ ਦੇ ਤਬਾਦਲੇ ਤੋਂ ਬਾਅਦ ਵਿਭਾਗ ਵੱਲੋਂ ਨਵੇਂ ਕੋਚ ਅਜੇ ਰਾਠੀ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਅਤੇ ਹੋਰ ਮੈਂਬਰਾਂ ਵੱਲੋਂ ਨਵੇਂ ਕੋਚ ਦੀ ਗਰਾਊਂਡ ਤੋਂ ਗੈਰਹਾਜ਼ਰੀ ਸਬੰਧੀ ਲਗਾਤਾਰ ਸ਼ਿਕਾਇਤਾਂ ਜ਼ਿਲ੍ਹਾ ਖੇਡ ਅਫ਼ਸਰ (ਡੀਐਸਓ), ਝੱਜਰ ਨੂੰ ਦਿੱਤੀਆਂ ਗਈਆਂ। ਇਸ ਦੇ ਬਾਵਜੂਦ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਕੋਚ ਦੇ ਗਲਤ ਵਿਹਾਰ ਕਾਰਨ ਖਿਡਾਰੀਆਂ ਨੂੰ ਹੋ ਰਹੇ ਨੁਕਸਾਨ ਤੋਂ ਪਿੰਡ ਵਾਸੀਆਂ ਨੇ ਖੇਡ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਖੇਡ ਮੰਤਰੀ ਨੇ ਜ਼ਿਲ੍ਹਾ ਖੇਡ ਅਫ਼ਸਰ ਅਤੇ ਨਿੱਜੀ ਖੇਡ ਸਲਾਹਕਾਰ ਨੂੰ ਅਚਨਚੇਤ ਨਿਰੀਖਣ ਲਈ ਭੇਜਿਆ, ਜਿਸ ਦੌਰਾਨ ਕੋਚ ਸਵੇਰ ਦੀ ਸਿਖਲਾਈ ਸੈਸ਼ਨ ਤੋਂ ਗੈਰਹਾਜ਼ਰ ਪਾਇਆ ਗਿਆ। ਨਿਰੀਖਣ ਦੌਰਾਨ ਗਰਾਊਂਡ ਵਿੱਚ ਮੌਜੂਦ ਖਿਡਾਰੀਆਂ ਨੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਸਬੰਧਤ ਕੋਚ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਸ਼ਾਮ ਦੇ ਸਿਖਲਾਈ ਸੈਸ਼ਨ ਵਿੱਚ ਹੀ ਹਾਜ਼ਰ ਹੁੰਦਾ ਹੈ ਅਤੇ ਜ਼ਿਆਦਾਤਰ ਸਮਾਂ ਖਿਡਾਰੀ ਆਪਣੇ ਤੌਰ ’ਤੇ ਹੀ ਅਭਿਆਸ ਕਰਦੇ ਹਨ।
ਜਦੋਂ ਕੋਚ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਦਾ ਕਾਰਨ ਪੁੱਛਿਆ ਗਿਆ ਤਾਂ ਅਜੇ ਰਾਠੀ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਹੇ। ਨਿਰੀਖਣ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਚ ਵੱਲੋਂ ਵਿਭਾਗੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਿਖਲਾਈ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਪਿੰਡ ਵਾਸੀਆਂ ਵੱਲੋਂ ਦਸਤਖਤ ਕੀਤੇ ਸ਼ਿਕਾਇਤ ਪੱਤਰ, ਪਿਛਲੀਆਂ ਸ਼ਿਕਾਇਤਾਂ ਅਤੇ ਅਚਨਚੇਤ ਨਿਰੀਖਣ ਦੇ ਆਧਾਰ ‘ਤੇ ਖੇਡ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕੋਚ ਅਜੈ ਰਾਠੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ।
ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਕੋਚ ਵੱਲੋਂ ਡਿਊਟੀ ਵਿੱਚ ਕੋਈ ਅਣਗਹਿਲੀ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।









