ਸੁਖਬੀਰ ਸਿੰਘ ਬਾਦਲ ਵੱਲੋਂ ਅਜਨਾਲਾ ਦੇ ਹੜ੍ਹ ਮਾਰੇ ਕਿਸਾਨਾਂ ਵਾਸਤੇ 1.60 ਕਰੋੜ ਰੁਪਏ ਮੁੱਲ ਦੇ 4000 ਕੁਇੰਟਲ ਸਰਟੀਫਾਈਡ ਕਣਕ ਬੀਜ ਦੀਆਂ ਟਰਾਲੀਆਂ ਕੀਤੀਆਂ ਰਵਾਨਾ

0
2010
ਸੁਖਬੀਰ ਸਿੰਘ ਬਾਦਲ ਵੱਲੋਂ ਅਜਨਾਲਾ ਦੇ ਹੜ੍ਹ ਮਾਰੇ ਕਿਸਾਨਾਂ ਵਾਸਤੇ 1.60 ਕਰੋੜ ਰੁਪਏ ਮੁੱਲ ਦੇ 4000 ਕੁਇੰਟਲ ਸਰਟੀਫਾਈਡ ਕਣਕ ਬੀਜ ਦੀਆਂ ਟਰਾਲੀਆਂ ਕੀਤੀਆਂ ਰਵਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਹੜ੍ਹ ਮਾਰੇ ਹਲਕੇ ਦੇ ਕਿਸਾਨਾਂ ਵਾਸਤੇ 1.60 ਕਰੋੜ ਰੁਪਏ ਮੁੱਲ ਦੇ 4000 ਕੁਇੰਟਲ ਸਰਟੀਫਾਈਡ ਕਣਕ ਦੇ ਬੀਜ ਦੀਆਂ ਟਰਾਲੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੀਜ 10 ਹਜ਼ਾਰ ਏਕੜ ਵਾਸਤੇ ਵਰਤਿਆ ਜਾਵੇਗਾ। ਇਸ ਤੋਂ ਪਹਿਲਾਂ ਸੂਬੇ ਵਿਚ 15000 ਏਕੜ ਵਾਸਤੇ 6000 ਕੁਇੰਟਲ ਬੀਜ ਰਵਾਨਾ ਕੀਤਾ ਗਿਆ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਤਰਨ ਤਾਰਨ ਦੇ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਵੱਲੋਂ ਆਮ ਆਦਮੀ ਪਾਰਟੀ (ਆਪ) ਦੀ ਕਠਪੁਤਲੀ ਬਣ ਕੇ ਅਕਾਲੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਪਾਰਟੀ ਭਲਕੇ ਇਸ ਮਾਮਲੇ ’ਤੇ ਉਹਨਾਂ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰ ਕੇ ਇਸਦਾ ਵਿਰੋਧ ਕਰੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਵਰਕਰਾਂ ਤੇ ਪੰਜਾਬੀਆਂ ਵੱਲੋਂ ਅਕਾਲੀ ਦਲ ਦੀ ਪਹਿਲਕਦਮੀ ’ਤੇ ਆਰੰਭੀ ’ਬੀਜ ਸੇਵਾ’ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਸੂਬੇ ਭਰ ਵਿਚ ਇਕ ਲੱਖ ਏਕੜ ਵਿਚ ਕਣਕ ਦੀ ਬਿਜਾਈ ਵਾਸਤੇ ਇਹ ਬੀਜ ਪ੍ਰਦਾਨ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ 15 ਨਵੰਬਰ ਤੋਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਪ੍ਰਦਾਨ ਕਰਨ ਦੀ ਮੁਹਿੰਮ ਦੀ ਵੀ ਸ਼ੁਰੂਆਤ ਕਰੇਗੀ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਹਨਾਂ ਨੇ ਸਰਕਾਰ ’ਤੇ ਕੁਦਰਤੀ ਆਫਤ ਫੰਡ ਦੇ ਨਾਂ ’ਤੇ 12000 ਕਰੋੜ ਰੁਪਏ ਦੇ ਫੰਡ ਦੀ ਦੁਰਵਰਤੋਂ ਦੇ ਵੀ ਦੋਸ਼ ਲਗਾਏ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 4000 ਕਰੋੜ ਰੁਪਏ ਤਾਂ ਇਕੱਲੇ ਇਸ਼ਤਿਹਾਰਬਾਜ਼ੀ ’ਤੇ ਹੀ ਬਰਬਾਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਕੀਤੇ ਵਾਅਦੇ ਮੁਤਾਬਕ ਰਾਹਤ ਨਹੀਂ ਮਿਲ ਰਹੀ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੂਠ ਬੋਲਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਲੱਖ ਏਕੜ ਜ਼ਮੀਨ ਵਾਸਤੇ ਸਰਟੀਫਾਈਡ ਬੀਜ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਰ ਆਪ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਨੂੰ ਸਰਟੀਫਾਈਡ ਬੀਜ ਦਾ ਇਕ ਦਾਣਾ ਤੱਕ ਨਹੀਂ ਵੰਡਿਆ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਅਜਨਾਲਾ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਮੁਆਵਜ਼ੇ ਨੂੰ ਵੀ ਬੇਨਕਾਬ ਕੀਤਾ ਤੇ ਦੱਸਿਆ ਕਿ ਕਿਸਾਨਾਂ ਨੂੰ ਹਰ ਪਿੰਡ ਵਿਚ 11 ਏਕੜ ਦੇ ਹਿਸਾਬ ਨਾਲ 1.16 ਕਰੋੜ ਰੁਪਏ ਦਿੱਤੇ ਜਾ ਰਹੇ ਹਨ ਜਦੋਂ ਕਿ ਇਕ-ਇਕ ਪਿੰਡ ਵਿਚ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋਈ ਹੈ।

ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ’ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਨੇ ਸਮਝ ਲਿਆ ਹੈ ਕਿ ਉਹ ਨਿਰਪੱਖਤਾ ਨਾਲ ਇਹ ਜ਼ਿਮਨੀ ਚੋਣ ਨਹੀਂ ਜਿੱਤ ਸਕਦੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਪਾਰਟੀ ਨੇ ਐਸ ਐਸ ਪੀ ਨੂੰ ਤਰਨ ਤਾਰਨ ਦਾ ਇੰਚਾਰਜ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਐਸ ਐਸ ਪੀ ਅਕਾਲੀ ਸਰਪੰਚਾਂ ਤੇ ਵਰਕਰਾਂ ਦੇ ਖਿਲਾਫ ਝੂਠੇ ਕੇਸ ਦਰਜ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਚੋਣ ਗਤੀਵਿਧੀਆਂ ਵਿਚ ਭਾਗ ਲੈਣ ਤੋਂ ਧਮਕਾਇਆ ਜਾ ਸਕੇ ਤੇ ਰੋਕਿਆ ਜਾ ਸਕੇ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਹੀ ਪੁਲਿਸ ਅਫਸਰਾਂ ਨੂੰ ਗੈਰ ਕਾਨੂੰਨੀ ਕਾਰਵਾਈਆਂ ਵਾਸਤੇ ਉਸਤੇ ਤਰੀਕੇ ਜਵਾਬਦੇਹ ਠਹਿਰਾਇਆ ਜਾਵੇਗਾ ਜਿਵੇਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਹੋਇਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਐਸ ਐਸ ਪੀ ਨੂੰ ਸਲਾਹ ਦਿੱਤੀ ਕਿ ਉਹਨਾਂ ਦਾ ਇਹ ਕੰਮ ਨਹੀਂ ਕਿ ਉਹ ਆਪ ਦੇ ਅਹੁਦੇਦਾਰ ਵਜੋਂ ਕੰਮ ਕਰਨ ਬਲਕਿ ਉਹਨਾਂ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ।

ਬਾਅਦ ਵਿਚ ਕਣਕ ਦੇ ਬੀਜ ਲੱਦੀਆਂ ਟਰਾਲੀਆਂ ਰਵਾਨਾ ਕਰਨ ਮੌਕੇ  ਸੁਖਬੀਰ ਸਿੰਘ ਬਾਦਲ ਨੂੰ ਜਦੋਂ ਮੁੱਖ ਮੰਤਰੀ ਦੀਆਂ ਸੋਸ਼ਲ ਮੀਡੀਆ ’ਤੇ ਚਲ ਰਹੀਆਂ ਵੀਡੀਓਜ਼ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਵੀਡੀਓਜ਼ ਤੇ ਪਹਿਲਾਂ ਦੇ ਰਵੱਈਏ ਕਾਰਨ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਸਨਮਾਨ ਘਟਿਆ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਵੇਖਿਆ ਹੈ ਕਿ ਕਿਵੇਂ ਮੁੱਖ ਮੰਤਰੀ ਨੂੰ ਲੁਫਤਾਨਸਾ ਫਲਾਈਟ ਤੋਂ ਸ਼ਰਾਬੀ ਹਾਲਾਤ ਕਾਰਨ ਲਾਹਿਆ ਗਿਆ ਸੀ। ਇਸ ਮੌਕੇ ਸੀਨੀਅਰ ਆਗੂ ਜੋਧ ਸਿੰਘ ਸਮਰਾ, ਰਾਜਵਿੰਦਰ ਸਿੰਘ ਰਾਜਾ ਲਾਦੇਹ, ਅਮਰੀਕ ਸਿੰਘ ਵਿਛੋਆ, ਬਾਬਾ ਮੁਖਤਿਆਰ ਸਿੰਘ ਸੋਫੀਆਂ ਅਤੇ ਚੇਅਰਮੈਨ ਰੂਬੀ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here