ਸਰਜੀਕਲ ਸਟ੍ਰਾਈਕ ਦੇ ਹੀਰੋ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਪੰਜਾਬ ਪੁਲਿਸ ਦੀ ਗੱਡੀ ਵਿੱਚ ਸਵਾਰ ਕਰਮਚਾਰੀਆਂ ਦੀ ਪਛਾਣ ਕਰ ਲਈ ਹੈ।
ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਪੁੱਛਗਿੱਛ ਕਰਨ ਲਈ ਲੈਫਟੀਨੈਂਟ ਜਨਰਲ ਹੁੱਡਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।


ਮੇਜਰ ਜਨਰਲ ਹੁੱਡਾ ਨੇ ਮਾਮਲੇ ‘ਤੇ ਪੋਸਟ ਕਰਦਿਆਂ ਹੋਇਆਂ ਕਿਹਾ, “ਮੇਰੀ ਇੱਕੋ ਇੱਕ ਬੇਨਤੀ ਹੈ ਕਿ ਡਰਾਈਵਰ ਦੇ ਜਾਣਬੁੱਝ ਕੇ ਕੀਤੇ ਗਏ ਦੁਰਵਿਵਹਾਰ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਇਸ ਨਾਲ ਸਾਰਿਆਂ ਨੂੰ ਫਾਇਦਾ ਹੋਵੇਗਾ। ਇਸ ਮਾਮਲੇ ‘ਤੇ ਇਹ ਮੇਰੀ ਆਖਰੀ ਗੱਲ ਹੈ।”
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਐਸਪੀ (ਟ੍ਰੈਫਿਕ) ਮੋਹਾਲੀ ਅਤੇ ਏਐਸਪੀ, ਜ਼ੀਰਕਪੁਰ ਨੇ ਲੈਫਟੀਨੈਂਟ ਜਨਰਲ ਹੁੱਡਾ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਲਈ ਅਤੇ ਨਿਰਪੱਖ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਬੰਧਤ ਐਸਕਾਰਟ ਵਾਹਨ ਅਤੇ ਇਸ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਭਾਰੀ ਟ੍ਰੈਫਿਕ ਕਾਰਨ ਸੁਰੱਖਿਆ ਵਾਲੇ ਅਤੇ ਐਸਕਾਰਟ ਵਾਹਨ ਵਿਚਕਾਰ ਗੈਪ ਬਣ ਗਿਆ ਸੀ। ਗੈਪ ਨੂੰ ਖ਼ਤਮ ਕਰਨ ਦੀ ਕਾਹਲੀ ਵਿੱਚ ਐਸਕਾਰਟ ਵਾਹਨ ਓਵਰਟੇਕ ਕਰਦੇ ਸਮੇਂ ਲੈਫਟੀਨੈਂਟ ਜਨਰਲ ਹੁੱਡਾ ਦੇ ਵਾਹਨ ਨਾਲ ਮਾਮੂਲੀ ਸੰਪਰਕ ਵਿੱਚ ਆ ਗਿਆ।
ਟ੍ਰੈਫਿਕ ਅਨੁਸ਼ਾਸਨ ਵਿੱਚ ਲਾਪਰਵਾਹੀ ਲਈ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਸਾਰੇ ਐਸਕਾਰਟ ਅਤੇ ਪਾਇਲਟ ਡਰਾਈਵਰਾਂ ਨੂੰ ਇੱਕ ਨਵਾਂ SOP ਜਾਰੀ ਕਰ ਦਿੱਤਾ ਗਿਆ ਹੈ।









