US Tariff : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕੈਨੇਡਾ ਤੋਂ ਆਯਾਤ ਹੋਣ ਵਾਲੀਆਂ ਵਸਤਾਂ ‘ਤੇ 35% ਟੈਰਿਫ ਲਗਾਉਣ ਦਾ ਐਲਾਨ ਕੀਤਾ, ਜੋ 1 ਅਗਸਤ ਤੋਂ ਲਾਗੂ ਹੋਵੇਗਾ। ਇਹ ਕਦਮ ਅਮਰੀਕਾ ਦੇ ਉੱਤਰੀ ਗੁਆਂਢੀ ਅਤੇ ਪ੍ਰਮੁੱਖ ਵਪਾਰਕ ਭਾਈਵਾਲ ਕੈਨੇਡਾ ਨਾਲ ਚੱਲ ਰਹੇ ਵਪਾਰਕ ਤਣਾਅ ਨੂੰ ਹੋਰ ਵਧਾਉਣ ਵਾਲਾ ਹੈ। ਇਸ ਦੇ ਨਾਲ ਹੀ ਟਰੰਪ ਨੇ ਹੋਰ ਵਪਾਰਕ ਭਾਈਵਾਲ ਦੇਸ਼ਾਂ ‘ਤੇ 15% ਤੋਂ 20% ਦੀ ਆਮ ਟੈਰਿਫ ਦਰ ਲਗਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਇਹ ਜਾਣਕਾਰੀ ਦਿੱਤੀ। ਟਰੰਪ ਨੇ ਇਸਨੂੰ “ਕੈਨੇਡਾ ਦੀ ਜਵਾਬੀ ਕਾਰਵਾਈ” ਅਤੇ ਮੌਜੂਦਾ ਵਪਾਰਕ ਰੁਕਾਵਟਾਂ ਦੇ ਜਵਾਬ ਵਿੱਚ ਚੁੱਕਿਆ ਗਿਆ ਕਦਮ ਦੱਸਿਆ।
ਕੈਨੇਡਾ ‘ਤੇ ਟੈਰਿਫ ਦਾ ਕਾਰਨ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖੇ ਇੱਕ ਪੱਤਰ ਵਿੱਚ ਇਸ ਟੈਰਿਫ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਨੇ ਕੈਨੇਡਾ ‘ਤੇ ਫੈਂਟਾਨਿਲ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਅਤੇ ਗੈਰ-ਟੈਰਿਫ ਵਪਾਰ ਰੁਕਾਵਟਾਂ ਦਾ ਆਰੋਪ ਲਗਾਇਆ, ਜੋ ਅਮਰੀਕਾ ਦੇ ਵਪਾਰ ਘਾਟੇ ਨੂੰ ਵਧਾ ਰਹੇ ਹਨ। ਟਰੰਪ ਨੇ ਕਿਹਾ, “ਜੇਕਰ ਕੈਨੇਡਾ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਵਿੱਚ ਸਹਿਯੋਗ ਕਰਦਾ ਹੈ ਤਾਂ ਅਸੀਂ ਇਸ ਪੱਤਰ ਵਿੱਚ ਸੋਧ ਕਰਨ ‘ਤੇ ਵਿਚਾਰ ਕਰ ਸਕਦੇ ਹਾਂ।” ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਜਵਾਬੀ ਕਾਰਵਾਈ ਕਰਦਾ ਹੈ ਤਾਂ ਟੈਰਿਫ ਦਰਾਂ ਹੋਰ ਵਧਾਈਆਂ ਜਾ ਸਕਦੀਆਂ ਹਨ।
ਟਰੰਪ ਨੇ ਕੈਨੇਡੀਅਨ ਡੇਅਰੀ ਉਤਪਾਦਾਂ ਦੇ ਅਮਰੀਕੀ ਨਿਰਯਾਤ ‘ਤੇ ਲਗਾਏ ਗਏ 250% ਤੋਂ 400% ਤੱਕ ਦੇ ਟੈਰਿਫ ਨੂੰ ਵੀ ਨਿਸ਼ਾਨਾ ਬਣਾਇਆ, ਇਸਨੂੰ “ਅਸਾਧਾਰਨ” ਅਤੇ ਅਮਰੀਕੀ ਵਪਾਰਕ ਹਿੱਤਾਂ ਲਈ ਨੁਕਸਾਨਦੇਹ ਦੱਸਿਆ। ਉਸਨੇ ਦਾਅਵਾ ਕੀਤਾ ਕਿ ਕੈਨੇਡਾ ਦੀਆਂ ਨੀਤੀਆਂ ਅਮਰੀਕਾ ਦੇ ਵਪਾਰ ਘਾਟੇ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀਆਂ ਹਨ।
ਦੂਜੇ ਦੇਸ਼ਾਂ ‘ਤੇ ਟੈਰਿਫ ਯੋਜਨਾਵਾਂ
ਟਰੰਪ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ‘ਤੇ 15% ਤੋਂ 20% ਦੀ ਆਮ ਟੈਰਿਫ ਦਰ ਲਗਾਈ ਜਾਵੇਗੀ ,ਜੋ ਅਜੇ ਤੱਕ ਵਪਾਰਕ ਸੌਦਿਆਂ ਲਈ ਸਹਿਮਤ ਨਹੀਂ ਹੋਏ ਹਨ। ਉਸਨੇ ਇਸ ਹਫ਼ਤੇ 22 ਤੋਂ ਵੱਧ ਦੇਸ਼ਾਂ ਨੂੰ ਪੱਤਰ ਭੇਜੇ ਹਨ, ਜਿਸ ਵਿੱਚ ਉਨ੍ਹਾਂ ਨੂੰ ਨਵੀਆਂ ਟੈਰਿਫ ਦਰਾਂ ਬਾਰੇ ਸੂਚਿਤ ਕੀਤਾ ਗਿਆ ਹੈ, ਜਿਸ ਵਿੱਚ ਬ੍ਰਾਜ਼ੀਲ ਤੋਂ ਆਯਾਤ ‘ਤੇ 50% ਟੈਰਿਫ ਅਤੇ ਤਾਂਬੇ ਦੇ ਆਯਾਤ ‘ਤੇ 50% ਟੈਰਿਫ ਸ਼ਾਮਲ ਹੈ। ਇਸ ਤੋਂ ਇਲਾਵਾ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਸਹਿਯੋਗੀਆਂ ‘ਤੇ 25% ਟੈਰਿਫ ਦਾ ਐਲਾਨ ਕੀਤਾ ਗਿਆ ਹੈ।
ਟਰੰਪ ਨੇ ਆਪਣੇ ਇੰਟਰਵਿਊ ਵਿੱਚ ਕਿਹਾ, “ਅਸੀਂ ਸਿਰਫ਼ ਇਹੀ ਕਹਿ ਰਹੇ ਹਾਂ ਕਿ ਬਾਕੀ ਸਾਰੇ ਦੇਸ਼ਾਂ ਨੂੰ 15% ਜਾਂ 20% ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਇਹ ਹੁਣ ਫੈਸਲਾ ਕਰਾਂਗੇ।” ਉਸਨੇ ਇਹ ਵੀ ਸੰਕੇਤ ਦਿੱਤਾ ਕਿ ਵਪਾਰਕ ਗੱਲਬਾਤ ਦੇ ਆਧਾਰ ‘ਤੇ ਇਹਨਾਂ ਟੈਰਿਫਾਂ ਨੂੰ ਉੱਪਰ ਜਾਂ ਹੇਠਾਂ ਐਡਜਸਟ ਕੀਤਾ ਜਾ ਸਕਦਾ ਹੈ।