ਯੂਐਸ ਯੂਰੋਪੀਅਨ ਕਮਾਂਡ (ਈਯੂਸੀਓਐਮ) ਨੇ 10 ਨਵੰਬਰ ਨੂੰ ਹੋਏ ਹਾਦਸੇ ‘ਤੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 5 ਲੋਕਾਂ ਨੂੰ ਲੈ ਕੇ ਜਾ ਰਿਹਾ ਯੂਐਸ ਆਰਮੀ ਦਾ ਹੈਲੀਕਾਪਟਰ ਆਰਮੀ ਟਰੇਨਿੰਗ ਦੌਰਾਨ ਏਅਰ ਰਿਫਿਊਲਿੰਗ ਮਿਸ਼ਨ ਵਿੱਚ ਸ਼ਾਮਲ ਸੀ ਅਤੇ ਭੂਮੱਧ ਸਾਗਰ ਵਿੱਚ ਕਰੈਸ਼ ਹੋ ਗਿਆ। ਹੈਲੀਕਾਪਟਰ ਦੇ ਸਾਰੇ 5 ਮੈਂਬਰਾਂ ਦੀ ਮੌਤ ਹੋ ਗਈ। ਦੇਸ਼ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਸਾਡੇ ਸੈਨਿਕ ਹਰ ਰੋਜ਼ ਦੇਸ਼ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੇ ਹਨ। ਅਮਰੀਕੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਆਪਣੀ ਮਰਜ਼ੀ ਨਾਲ ਜ਼ੋਖ਼ਮ ਉਠਾਉਂਦੇ ਹਨ। ਇਸ ਤੋਂ ਇਲਾਵਾ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀ ਇੱਕ ਬਿਆਨ ‘ਚ ਦੁੱਖ ਪ੍ਰਗਟ ਕੀਤਾ ਅਤੇ ਕਰੈਸ਼ ਹੋਏ ਜਹਾਜ਼ ਦੀ ਪਛਾਣ ਹੈਲੀਕਾਪਟਰ ਵਜੋਂ ਕੀਤੀ।
ਤਿੰਨ ਅਮਰੀਕੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ ਕਿਹਾ ਕਿ ਸ਼ਹੀਦ ਸੈਨਿਕ ਐਮਐਚ-60 ਬਲੈਕ ਹਾਕ ਹੈਲੀਕਾਪਟਰ ਦੇ ਚਾਲਕ ਦਲ ਦੇ ਮੈਂਬਰ ਸਨ, ਜੋ ਸ਼ੁੱਕਰਵਾਰ ਦੇਰ ਰਾਤ ਈਂਧਨ ਭਰਨ ਲਈ ਸਿਖਲਾਈ ਮਿਸ਼ਨ ‘ਤੇ ਸਨ। ਹੈਲੀਕਾਪਟਰ ਸਾਈਪ੍ਰਸ ਦੇ ਤੱਟ ‘ਤੇ ਹਾਦਸਾਗ੍ਰਸਤ ਹੋ ਗਿਆ।
ਹਾਲ ਹੀ ਦੇ ਸਾਲਾਂ ਵਿੱਚ ਅਮਰੀਕੀ ਫੌਜੀ ਜਹਾਜ਼ਾਂ ਨਾਲ ਜੁੜੇ ਕਈ ਹੋਰ ਹਾਦਸੇ ਹੋਏ ਹਨ, ਇੱਕ F-35 ਸਟੀਲਥ ਲੜਾਕੂ ਜਹਾਜ਼ ਵੀ ਸ਼ਾਮਲ ਹੈ ਜੋ ਸਤੰਬਰ ਵਿੱਚ ਦੱਖਣੀ ਕੈਰੋਲੀਨਾ ਵਿੱਚ ਕਰੈਸ਼ ਹੋਇਆ ਸੀ। ਇਸ ‘ਚ ਪਾਇਲਟ ਦੀ ਮੌਤ ਹੋ ਗਈ ਸੀ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਅਲਾਸਕਾ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਸਿਖਲਾਈ ਮਿਸ਼ਨ ਤੋਂ ਵਾਪਸ ਆ ਰਹੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਸਨ।
ਇਸ ਹਾਦਸੇ ਵਿੱਚ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ।ਪਿਛਲੇ ਮਹੀਨੇ ਕੇਂਟਕੀ ਵਿੱਚ ਇੱਕ ਰਾਤ ਦੇ ਸਿਖਲਾਈ ਮਿਸ਼ਨ ਦੌਰਾਨ ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਕ੍ਰੈਸ਼ ਹੋ ਗਏ ਸਨ, ਜਿਸ ਵਿੱਚ ਸਵਾਰ ਸਾਰੇ ਨੌਂ ਸੈਨਿਕਾਂ ਦੀ ਮੌਤ ਹੋ ਗਈ ਸੀ।