ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ (8 ਅਕਤੂਬਰ) ਸਵੇਰੇ 10:55 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਸਨ। ਫੋਰਟਿਸ ਹਸਪਤਾਲ ਨੇ ਦੁਪਹਿਰ 12:30 ਵਜੇ ਦੇ ਕਰੀਬ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਜਾਰੀ ਕੀਤੀ।
ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਚਾਹੁਣ ਵਾਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਤੋਂ 2 ਔਰਤਾਂ ਵੀ ਫੋਰਟਿਸ ਹਸਪਤਾਲ ਦੇ ਬਾਹਰ ਰੋ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਦੱਸਿਆ ਕਿ ਉਹ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਕਿਸਾਨੀ ਮੋਰਚੇ ਦੌਰਾਨ ਮਿਲੀਆਂ ਸਨ ਅਤੇ ਉਸ ਤੋਂ ਬਾਅਦ ਵੀ ਕਈ ਵਾਰ ਉਨ੍ਹਾਂ ਦੀ ਗਾਇਕ ਨਾਲ ਮੁਲਾਕਾਤ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਅਸੀਂ ਹਸਪਤਾਲ ‘ਚ ਰਾਜਵੀਰ ਜਵੰਦਾ ਦਾ ਹਾਲ ਜਾਣਨ ਆਏ ਸੀ ਪਰ ਇਥੇ ਆ ਕੇ ਪਤਾ ਲੱਗਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹੇ। ਇਸ ਤੋਂ ਪਹਿਲਾਂ ਵੀ ਉਹ ਰਾਜਵੀਰ ਜਵੰਦਾ ਦਾ ਹਾਲ ਜਾਣਨ ਆਈਆਂ ਸਨ। ਉਹ ਹੁਣ ਰਾਜਵੀਰ ਜਵੰਦਾ ਦੇ ਪਿੰਡ ਪੌਣਾ ਜਾਣਗੀਆਂ। ਇਨ੍ਹਾਂ ਕਿ ਅਸੀਂ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਅਰਦਾਸਾਂ ਵੀ ਕੀਤੀਆਂ ਸੀ ਪਰ ਅੱਜ ਬਹੁਤ ਭਾਵੁਕ ਕਰ ਦੇਣ ਵਾਲਾ ਦਿਨ ਹੈ।
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਦਾ ਮੋਹਾਲੀ ਦੇ ਫੇਜ਼ 6 ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ। ਇਸ ਤੋਂ ਬਾਅਦ ਰਾਜਵੀਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੌਣਾ ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਸਵੇਰੇ 11 ਵਜੇ ਕੀਤਾ ਜਾਵੇਗਾ।
27 ਸਤੰਬਰ ਨੂੰ ਵਾਪਰਿਆ ਸੀ ਹਾਦਸਾ
ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾਂਦੇ ਸਮੇਂ ਪਿੰਜੌਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਵੀ ਪਿਆ ਸੀ। ਉਸਦੀ ਹਾਲਤ ਬਹੁਤ ਨਾਜ਼ੁਕ ਸੀ। ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ ‘ਤੇ ਸੀ।