ਪਾਕਿਸਤਾਨ ਨੇ ਹਿੰਦੂ ਸ਼ਰਧਾਲੂਆਂ ਨੂੰ ਭਾਰਤ ਵਾਪਸ ਭੇਜਿਆ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਵੱਲੋਂ ਵਾਪਸ ਮੋੜ ਦਿੱਤਾ ਗਿਆ ਹੈ।
ਪਾਕਿਸਤਾਨ ਤੋਂ ਭਾਰਤ ਪਰਤਣ ‘ਤੇ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਹਿੰਦੂ ਸ਼ਰਧਾਲੂਆਂ ਗੰਗਾ ਰਾਮ ਅਤੇ ਅਮਰ ਚੰਦ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਲਗਵਾਇਆ ਸੀ ਤੇ ਉਹ ਭਾਰਤ ਤੋਂ ਅੱਜ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸਨ ਕਿ ਪਾਕਿਸਤਾਨ-ਵਾਹਗਾ ਵਿਖੇ ਸਥਿਤ ਪਾਕਿਸਤਾਨੀ ਇਮੀਗ੍ਰੇ਼ਸ਼ਨ ਤੇ ਰੇਂਜਰਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ ?
ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਇਹ ਵੀ ਘਟੀਆ ਸ਼ਬਦ ਬੋਲੇ ਕੇ ਤੁਸੀਂ ਆਪਣੇ ਮੰਦਰਾਂ ਵਿੱਚ ਜਾਓ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੀ ਲੈਣ ਜਾ ਰਹੇ ਹੋ? ਸ਼ਰਧਾਲੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦੇ ਨਾਲ-ਨਾਲ ਸਭ ਤੋਂ ਵਧੇਰੇ ਹਿੰਦੂ ਸ਼ਰਧਾਲੂ ਵੀ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਦੇ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 14 ਪਰਿਵਾਰ ਮੈਂਬਰਾਂ ਨੂੰ ਅੱਜ ਦੁਖੀ ਮਨ ਦੇ ਨਾਲ ਪਾਕਿਸਤਾਨ ਤੋਂ ਰੋਂਦੇ ਹੋਏ ਭਾਰਤ ਆਉਣ ‘ਤੇ ਬਹੁਤ ਮਨ ਉਦਾਸ ਹੋਇਆ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਤੇ ਪਰਿਵਾਰਿਕ ਮੈਂਬਰਾਂ ਦਾ ਜਨਮ ਵੀ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਭਾਰਤ ਅੰਦਰ ਪੱਕੀ ਨਾਗਰਿਕਤਾ ਪਾਸਪੋਰਟ ਲੈ ਕੇ ਲੰਬੇ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਉਹ ਭਾਰਤ ਆਉਣ ਤੇ ਦਿੱਲੀ ਦੇ ਇਲਾਕੇ ਫਤਿਹਪੁਰ ਬੇਰੀ ਵਿਖੇ ਪੱਕੇ ਤੌਰ ‘ਤੇ ਰਹਿ ਰਹੇ ਸਨ।
ਉਹਨਾਂ ਦੇ ਪਰਿਵਾਰ ਦੀ ਤਮੰਨਾ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਰ ਗੁਰਪੁਰਬ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਜਾ ਕੇ ਮਨਾਉਣ, ਜੋ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਪਾਕਿਸਤਾਨ ਵੱਲੋਂ ਵਾਪਸ ਭਾਰਤ ਭੇਜੇ ਗਏ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਦਿੱਲੀ, ਲਖਲਊ ਤੇ ਨਵਾਂਸ਼ਹਿਰ ਪੰਜਾਬ ਤੋਂ ਸ਼ਾਮਿਲ ਸਨ I









