ਕੈਬਨਿਟ ਮੰਤਰੀਆਂ ਸਮੇਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਪੰਜਾਬ ਦੇ ਕੈਬਨਿਟ ਮੰਤਰੀ ਅਤੇ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਸ਼ਹੀਦੀ ਸਭਾ ਦੀ ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ।
ਅਰੋੜਾ ਨੇ ਕਿਹਾ ਕਿ ਇਹ ਕੁਰਬਾਨੀ ਸਮੇਂ ਦੇ ਇਤਿਹਾਸ ਵਿੱਚ ਉੱਕਰੀ ਹੋਈ ਹੈ, ਜੋ ਅਟੁੱਟ ਵਿਸ਼ਵਾਸ ਅਤੇ ਬੇਮਿਸਾਲ ਬਹਾਦਰੀ ਦਾ ਅਮਿੱਟ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਲ ਪੁਰਖ ਅੱਗੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ।
ਅਮਨ ਅਰੋੜਾ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਸਮੇਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਡਾ. ਬਲਜੀਤ ਕੌਰ ਨੇ ਗੁਰ ਮਰਯਾਦਾ ਅਨੁਸਾਰ ਪੰਗਤ ਵਿੱਚ ਬੈਠ ਕੇ ਲੰਗਰ ਵਿੱਚ ਭਾਗ ਲਿਆ। ਇਸ ਮੌਕੇ ਸ੍ਰੀ ਅਰੋੜਾ ਦਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਬੱਸੀ ਪਠਾਣਾ ਰੁਪਿੰਦਰ ਸਿੰਘ ਹੈਪੀ, ਵਿਧਾਇਕ ਸਮਾਣਾ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਗੁਰਿੰਦਰ ਸਿੰਘ ਢਿੱਲੋਂ ਹਾਜ਼ਰ ਸਨ।