ਕੈਨੇਡਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਪ੍ਰਵਾਸੀ ਭਾਰਤੀ ਪੁੱਤਰ ਵੱਲੋਂ ਪਿਤਾ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ 56 ਸਾਲਾ ਭਾਰਤੀ ਮੂਲ ਦੇ ਵਿਅਕਤੀ ਦਾ ਉਸ ਦੇ ਪੁੱਤਰ ਵੱਲੋਂ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਹੈਮਿਲਟਨ ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਉਹ ਟੋਰਾਂਟੋ ਨੇੜੇ ਹੈਮਿਲਟਨ ਸ਼ਹਿਰ ਵਿੱਚ ਰਹਿੰਦਾ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਉਸ ਦੇ 22 ਸਾਲਾ ਪੁੱਤਰ ਸੁਖਰਾਜ ਸਿੰਘ ਚੀਮਾ ਦੀ ਤਲਾਸ਼ (22-year-old son Sukhraj Singh Cheema is wanted) ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਦੀਪ ਦੇ ਪੁੱਤਰ ਨੇ ਸੱਟਾਂ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਸੁਖਰਾਜ ਦੀ ਤਸਵੀਰ ਜਾਰੀ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਹੈਮਿਲਟਨ ਪੁਲਿਸ ਦੀ ਜਾਂਚ ਅਧਿਕਾਰੀ ਲੀਜ਼ਾ ਚੈਂਬਰਜ ਅਨੁਸਾਰ ਸਟੋਨੀ ਕਰੀਕ ਖੇਤਰ ਵਿੱਚ ਰਹਿੰਦੇ ਕੁਲਦੀਪ ਸਿੰਘ ਦਾ ਆਪਣੇ ਪੁੱਤਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਜਿਸ ਮਗਰੋਂ ਉਹ ਆਪਣੇ ਪਿਤਾ ਨੂੰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਅਧਿਕਾਰੀ ਸ਼ਾਮ ਕਰੀਬ 7:30 ਵਜੇ ਘਰ ਪੁੱਜੇ ਤਾਂ ਕੁਲਦੀਪ ਗੰਭੀਰ ਜ਼ਖਮੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਗਵਾਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚੀਮਾ ਪਿਤਾ ਨਾਲ ਝਗੜਾ ਕਰਨ ਮਗਰੋਂ ਰਿਹਾਇਸ਼ ਤੋਂ ਗੱਡੀ ਲੈ ਕੇ ਫ਼ਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਨੇੜੇ-ਤੇੜੇ ਦੇ ਖੇਤਰ ਵਿਚ ਹੀ ਛੁਪਿਆ ਹੋਇਆ ਹੈ ਤੇ ਉਸ ਦੀ ਭਾਲ ਜਾਰੀ ਹੈ।