ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 5 ਫ਼ਰਵਰੀ ਨੂੰ ਹੋਵੇਗੀ ਵੋਟਿੰਗ, ਜਾਣੋ ਕਦੋਂ ਆਵੇਗਾ ਨਤੀਜਾ

0
23640
ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 5 ਫ਼ਰਵਰੀ ਨੂੰ ਹੋਵੇਗੀ ਵੋਟਿੰਗ, ਜਾਣੋ ਕਦੋਂ ਆਵੇਗਾ ਨਤੀਜਾ

ਦਿੱਲੀ ਵਿਧਾਨ ਸਭਾ ਚੋਣ 2025: ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਭਾਰਤੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਇਸ ਵਾਰ ਦਿੱਲੀ ‘ਚ 2 ਲੱਖ ਨਵੇਂ ਵੋਟਰ ਹਨ। ਉਨ੍ਹਾਂ ਦੱਸਿਆ ਕਿ ਕੁੱਲ 70 ਸੀਟਾਂ ਵਿਚੋਂ 58 ਸੀਟਾਂ ਜਨਰਲ ਅਤੇ 12 ਸੀਟਾਂ ਰਾਖਵੀਆਂ ਹੋਣਗੀਆਂ।

ਚੋਣ ਕਮਿਸ਼ਨਰ ਨੇ ਦੱਸਿਆ ਕਿ ਭਾਰਤ ‘ਚ ਇਸ ਸਮੇਂ 99 ਕਰੋੜ ਵੋਟਰ ਹਨ ਅਤੇ ਛੇਤੀ ਹੀ 1 ਅਰਬ ਵੋਟਰ ਹੋਣਗੇ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਇਸ ਵਾਰ 1 ਕਰੋੜ 55 ਲੱਖ ਵੋਟਰ ਹਨ, ਜੋ ਆਪਣੇ ਵੋਟ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ 83 ਲੱਖ 49 ਹਜ਼ਾਰ ਮਰਦ ਵੋਟਰ ਹਨ। ਜਦਕਿ 71 ਹਜ਼ਾਰ 74 ਹਜ਼ਾਰ ਮਹਿਲਾ ਵੋਟਰ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ‘ਚ ਲੋਕਾਂ ਦੀ ਸਹੂਲਤ ਲਈ ਕੁੱਲ 13 ਹਜ਼ਾਰ 33 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਪੱਸ਼ਟ ਕੀਤਾ ਕਿ ਵੋਟਰ ਸੂਚੀ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਤਰਾਜ਼ਾਂ ਨੂੰ ਪਾਰਦਰਸ਼ਤਾ ਲਈ ਸਿਆਸੀ ਪਾਰਟੀਆਂ ਨਾਲ ਸਾਂਝਾ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਸਹੀ ਰਿਕਾਰਡਾਂ ਤੋਂ ਬਿਨਾਂ ਕੋਈ ਵੀ ਡਿਲੀਟ ਨਹੀਂ ਕੀਤੀ ਜਾਂਦੀ ਅਤੇ ਡਰਾਫਟ ਰੋਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਪਲਬਧ ਕਰਾਇਆ ਜਾਂਦਾ ਹੈ।

ਦੱਸ ਦਈਏ ਦਿੱਲੀ ਵਿੱਚ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਹਨ ਅਤੇ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ‘ਤੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ। ਜਦਕਿ ਕਾਂਗਰਸ ਵੱਲੋਂ 48 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਹੈ, ਤਾਂ ਉਥੇ ਹੀ ਭਾਜਪਾ 29 ਉਮੀਦਵਾਰਾਂ ਦੇ ਐਲਾਨ ਨਾਲ ਤੀਜੇ ਨੰਬਰ ‘ਤੇ ਹੈ।

ਜੇਕਰ ਪਿਛਲੀਆਂ 2020 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਨੂੰ 62 ਸੀਟਾਂ ਦੀ ਜਿੱਤ ਨਾਲ ਪੂਰਨ ਬਹੁਮਤ ਮਿਲਿਆ ਸੀ। ਜਦਕਿ ਭਾਜਪਾ ਨੂੰ 8 ਸੀਟਾਂ ਪ੍ਰਾਪਤ ਹੋਈਆਂ ਸੀ ਅਤੇ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।

 

LEAVE A REPLY

Please enter your comment!
Please enter your name here