ਅੱਜ ਦੇ ਪੜ੍ਹੇ-ਲਿਖੇ ਸਮਾਜ ਵਿੱਚ ਵੀ ਦਾਜ ਦੇ ਲੋਭੀਆਂ ਦਾ ਢਿੱਡ ਨਹੀਂ ਭਰ ਰਿਹਾ ਹੈ, ਜਿਸ ਕਾਰਨ ਕਈ ਵਾਰ ਕੁੜੀਆਂ ਵੱਲੋਂ ਆਪਣੀ ਜੀਵਨਲੀਲਾ ਵੀ ਸਮਾਪਤ ਕਰ ਲਈ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਨਾਜੋਵਾਲ ਵਿਖੇ ਵੇਖਣ ਨੂੰ ਮਿਲਿਆ, ਜਿਥੇ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਅਤੇ ਜਦੋਂ ਉਸਦੇ ਪੇਕੇ ਪਰਿਵਾਰ ਨੂੰ ਪਤਾ ਲਗਾ ਤਾਂ ਉਨ੍ਹਾਂ ਨੇ ਇਸਦੀ ਮੌਤ ਦਾ ਕਾਰਨ ਮ੍ਰਿਤਕਾ ਦੇ ਸਹੁਰਾ ਪਰਿਵਾਰ ਨੂੰ ਠਹਿਰਾਇਆ ਹੈ। ਪੇਕੇ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਸਹੁਰੇ ਪਰਿਵਾਰ ਨੇ ਹੀ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ‘ਤੇ ਸਹੁਰੇ ਪਰਿਵਾਰ ਦੇ ਤਿੰਨ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਗੁਲਸ਼ਨ ਨੇ ਕਿਹਾ ਉਹਨਾਂ ਨੂੰ ਫੋਨ ਆਇਆ ਸੀ ਕਿ ਸਾਡੀ ਧੀ ਨੇ ਦਰਵਾਜਾ ਬੰਦ ਕਰ ਲਿਆ ਹੈ ਅਤੇ ਉਹ ਦਰਵਾਜਾ ਨਹੀਂ ਖੋਲ ਰਹੀ। ਉਪਰੰਤ ਜਦ ਉਹ ਕੁੜੀ ਦੇ ਸਹੁਰੇ ਪਰਿਵਾਰ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼ ਕਮਰੇ ‘ਚ ਲਟਕ ਰਹੀ ਸੀ, ਜਿਸ ਨੂੰ ਵੇਖ ਕੇ ਲਗਦਾ ਸੀ ਕਿ ਉਸ ਨੂੰ ਮਾਰ ਕੇ ਟੰਗਿਆ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕੁੜੀ ਦਾ ਸਹੁਰਾ ਪਰਿਵਾਰ ਅਕਸਰ ਹੀ ਦਹੇਜ ਦੀ ਮੰਗ ਕਰਦਾ ਸੀ ਅਤੇ ਕੁੜੀ ਨਾਲ ਮਾਰਕੁੱਟ ਕਰਦਾ ਸੀ। ਪੀੜਤ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਆਰੋਪੀਆਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਦਰਜ ਕੀਤਾ ਮਾਮਲਾ
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਕੁੜੀ ਦੀ ਮੌਤ ਦੀ ਸ਼ਿਕਾਇਤ ਮਿਲੀ ਸੀ, ਜਿਸ ਦੇ ਚਲਦੇ ਮਾਮਲਾ ਦਰਜ ਕਰ ਕੇ ਇਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।