ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਖੁਫੀਆ ਵਿਭਾਗ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਲ ਜੁੜੀ ਅਹਿਮ ਜਾਣਕਾਰੀ ਮਿਲੀ ਹੈ। ਦਿੱਲੀ ਤੇ ਪੰਜਾਬ ਪਾਕਿਸਤਾਨੀ ਖੁਫੀਆ ਏਜੰਸੀ ISI ਤੇ ਬੰਗਲਾਦੇਸ਼ ਦੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ 2025 ਵਿੱਚ ਲੜੀਵਾਰ ਬੰਬ ਧਮਾਕਿਆਂ ਦੀ ਯੋਜਨਾ ਬਣਾਉਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਭਾਰਤੀ ਖੁਫੀਆ ਏਜੰਸੀਆਂ ਨੇ ਇੱਕ ਮਹੱਤਵਪੂਰਨ ਸੁਰੱਖਿਆ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਪਾਕਿਸਤਾਨ ਸਥਿਤ ਆਈਐਸਆਈ ਅਤੇ ਇਸਲਾਮਿਕ ਅੱਤਵਾਦੀ ਸੰਗਠਨਾਂ ਵੱਲੋਂ ਭਾਰਤ ਵਿੱਚ ਲੜੀਵਾਰ ਬੰਬ ਧਮਾਕਿਆਂ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਖੁਫੀਆ ਵਿਭਾਗ ਮੁਤਾਬਕ ਇਹ ਅੱਤਵਾਦੀ ਸੰਗਠਨ ਬੰਗਲਾਦੇਸ਼ ਦੀ ਮਦਦ ਨਾਲ ਭਾਰਤ ‘ਚ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ।
ਖੁਫੀਆ ਵਿਭਾਗ ਨੇ ਕਿਹਾ ਕਿ ਬੰਗਲਾਦੇਸ਼ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ‘ਚ ਮੌਜੂਦ ਅੱਤਵਾਦੀ ਤੱਤ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਖਾਸ ਤੌਰ ‘ਤੇ ਦਿੱਲੀ, ਪੰਜਾਬ ਤੇ ਮੈਟਰੋ ਸ਼ਹਿਰਾਂ ਦੇ ਵਿਅਸਤ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਹਮਲਾ ਕਰ ਸਕਦੇ ਹਨ।