ਲੁਧਿਆਣਾ ‘ਚ ਔਰਤ ਧੀਆਂ ਦਾ ਅਪਮਾਨ ਲੁਧਿਆਣਾ ਵਿੱਚ ਮਾਂ ਅਤੇ ਬੱਚੀਆਂ ਦੇ ਗਲ ’ਚ ਪਾਈ ਮੈਂ ਹਾਂ ਚੋਰ ਵਾਲੀ ਤਖਤੀ ਦੀ ਮੀਡੀਆ ਤੇ ਚੱਲ ਰਹੀ ਖ਼ਬਰ ਤੋ ਬਾਅਦ ਪੰਜਾਬ ਮਹਿਲਾ ਰਾਜ ਕਮਿਸ਼ਨ ਨੇ ਐਕਸ਼ਨ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਮਹਿਲਾ ਰਾਜ ਕਮਿਸ਼ਨ ਵੱਲੋਂ ਲੁਧਿਆਣਾ ਕਮਿਸ਼ਨਰ ਆਫ ਪੁਲਿਸ ਨੂੰ ਨੋਟਿਸ ਭੇਜਿਆ ਗਿਆ ਹੈ।
ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਨੋਟਿਸ ’ਚ ਕਿਹਾ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ’ਤੇ ਨੋਟਿਸ ਲਿਆ ਗਿਆ ਹੈ। ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੇ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਅਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ, ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ।
ਨੋਟਿਸ ’ਚ ਅੱਗੇ ਕਿਹਾ ਗਿਆ ਹੈ ਕਿ ਮਾਮਲੇ ਸਬੰਧੀ ਨਿਊਜ਼ ਚੈਨਲ ’ਤੇ ਪ੍ਰਕਾਸ਼ਿਤ ਹੋ ਰਹੀ ਖਬਰ “ਮਾਂ ਅਤੇ ਬੱਚੀਆਂ ਦੇ ਗਲ ਚ ਪਾਈ ਮੈਂ ਹਾਂ ਚੋਰ ਵਾਲੀ ਤਖਤੀ”, ਜਿਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ “ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001” ਤਹਿਤ ਸੋ-ਮੋਟੋ ਲੈਂਦਿਆਂ ਹੋਇਆਂ ਮਾਨਯੋਗ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਜੀ ਵੱਲੋਂ ਆਦੇਸ਼ ਪ੍ਰਾਪਤ ਹੋਏ ਹਨ ਕਿ ਵਿਸ਼ੇ ਵਿੱਚ ਦਰਜ ਕੇਸ ਤੇ ਤੁਰੰਤ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਾਰਵਾਈ ਕਰਵਾਈ ਜਾਵੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਮਿਤੀ 23.01.2025 ਤੱਕ ਸਟੇਟਸ ਰਿਪੋਰਟ ਉਕਤ ਦਰਸਾਈ ਈਮੇਲ ਤੇ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਉਸ ਅਨੁਸਾਰ ਇਸ ਕੇਸ ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਜੀ।
ਫਿਲਹਾਲ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਏਕਜੋਤ ਨਗਰ ਵਿੱਚ ਇੱਕ ਫੈਕਟਰੀ ਚਲਾ ਰਹੇ ਵਿਅਕਤੀ ਨੇ ਕੰਮ ਕਰਨ ਵਾਲੀ ਔਰਤ ਅਤੇ ਉਸਦੇ ਬੱਚਿਆਂ ਨੂੰ ਕੱਪੜੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ। ਮਾਲਕ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਅਤੇ ਔਰਤ, ਉਸ ਦੀਆਂ ਤਿੰਨ ਨਾਬਾਲਗ ਧੀਆਂ ਅਤੇ ਪੁੱਤਰ ਨੂੰ ਬੁਲਾਇਆ। ਮਾਲਕ ਨੇ ਕਿਹਾ ਕਿ ਫੈਕਟਰੀ ਵਿੱਚੋਂ ਕਈ ਦਿਨਾਂ ਤੋਂ ਕੱਪੜਾ ਚੋਰੀ ਹੋ ਰਿਹਾ ਸੀ। ਇਹ ਚੋਰੀ ਉਸਨੇ ਕੀਤੀ ਹੈ।