ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਪਾਂਸਕੁਰਾ ਦੇ ਗੋਸਾਈਬਾੜੀ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 13 ਸਾਲਾ ਕ੍ਰਿਸ਼ਨੇਂਦੂ ਦਾਸ ਨੇ ਚੋਰੀ ਦਾ ਝੂਠਾ ਆਰੋਪ ਲੱਗਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਉਹ ਬਕੁਲਦਾ ਹਾਈ ਸਕੂਲ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਉਸਨੇ ਬੁੱਧਵਾਰ ਰਾਤ ਨੂੰ ਕੀਟਨਾਸ਼ਕ ਪੀ ਲਈ ਅਤੇ ਵੀਰਵਾਰ ਸਵੇਰੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਸਥਾਨਕ ਦੁਕਾਨਦਾਰ ਸ਼ੁਭੰਕਰ ਦੀਕਸ਼ਿਤ ਨੇ ਕ੍ਰਿਸ਼ਨੇਂਦੂ ‘ਤੇ ਚਿਪਸ ਦੇ ਤਿੰਨ ਪੈਕੇਟ ਚੋਰੀ ਕਰਨ ਦਾ ਆਰੋਪ ਲਗਾਇਆ ਸੀ। ਬੱਚੇ ਨੇ ਸਫਾਈ ਦਿੱਤੀ ਕਿ ਉਹ ਪੈਕੇਟ ਸੜਕ ਤੋਂ ਚੁੱਕ ਕੇ ਲਿਆਇਆ ਸੀ ਅਤੇ ਉਸਨੂੰ ਲੱਗਿਆ ਕਿ ਉਹ ਫਰਸ਼ ‘ਤੇ ਪਏ ਹਨ। ਇਸ ਦੇ ਬਾਵਜੂਦ ਦੁਕਾਨਦਾਰ ਨੇ ਦੁਕਾਨ ਦੇ ਸਾਹਮਣੇ ਉਸਨੂੰ ਕੰਨ ਫੜ ਕੇ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਉਸਦੀ ਮਾਂ ਨੇ ਵੀ ਉਸਨੂੰ ਸਾਰਿਆਂ ਦੇ ਸਾਹਮਣੇ ਝਿੜਕਿਆ।
ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਜਿਸ ਵਿੱਚ ਕ੍ਰਿਸ਼ਨੇਂਦੂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਨੋਟਬੁੱਕ ਵਿੱਚ ਲਿਖਿਆ ਹੈ ਕਿ ‘ਮਾਂ ਮੈਂ ਕੁਰਕੁਰੇ ਚੋਰੀ ਨਹੀਂ ਕੀਤੇ।’ ਮੈਨੂੰ ਕੁਰਕੁਰੇ ਸੜਕ ‘ਤੇ ਪਏ ਮਿਲੇ ਸੀ। ਮੈਂ ਚੋਰੀ ਨਹੀਂ ਕੀਤੀ। ਇਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਸ਼ੁਭੰਕਰ ਦੀਕਸ਼ਿਤ ਇੱਕ ਸਿਵਲ ਵਲੰਟੀਅਰ ਵੀ ਹੈ ਅਤੇ ਘਟਨਾ ਤੋਂ ਬਾਅਦ ਤੋਂ ਫਰਾਰ ਹੈ।
ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਪੁਲਿਸ ਬੱਚੇ ਦੀ ਮੌਤ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਹੈ, ਜਿਸ ਵਿੱਚ ਬੱਚੇ ਦੁਕਾਨ ਦੇ ਬਾਹਰ ਜ਼ਮੀਨ ‘ਤੇ ਪਏ ਚਿਪਸ ਦੇ ਪੈਕੇਟ ਚੁੱਕਦੇ ਦਿਖਾਈ ਦੇ ਰਹੇ ਹਨ।