ਹਰਿਆਣਾ ਸਰਕਾਰ ਨੇ ਕੀਤੀਆਂ ਸੜਕਾਂ ਜਾਮ, ਲੋਕ ਜਹਾਜ਼ਾਂ ਰਾਹੀਂ ਕਰਨ ਲੱਗੇ ਸਫਰ, ਟਿਕਟਾਂ ਦੇ ਰੇਟ ਅਸਮਾਨੀ ਚੜ੍ਹੇ

0
100063
ਹਰਿਆਣਾ ਸਰਕਾਰ ਨੇ ਕੀਤੀਆਂ ਸੜਕਾਂ ਜਾਮ, ਲੋਕ ਜਹਾਜ਼ਾਂ ਰਾਹੀਂ ਕਰਨ ਲੱਗੇ ਸਫਰ, ਟਿਕਟਾਂ ਦੇ ਰੇਟ ਅਸਮਾਨੀ ਚੜ੍ਹੇ

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਪੰਜਾਬ ਵੱਲੋਂ ਆਉਂਦੀਆਂ ਸੜਕਾਂ ਸੀਲ ਕਰ ਦਿੱਤੀਆਂ ਹਨ। ਇਸ ਕਰਕੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵੱਲੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਯਾਤਰੀ ਸੜਕ ਦੀ ਥਾਂ ਹਵਾਈ ਸਫਰ ਨੂੰ ਤਰਜੀਹ ਦੇਣ ਲੱਗੇ ਹਨ। ਇਸ ਕਰਕੇ ਹਵਾਈ ਟਿਕਟਾਂ ਵਿੱਚ ਮੋਟਾ ਵਾਧਾ ਹੋ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ-ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਟਿਕਟਾਂ ਵਜੋਂ ਮੋਟੀ ਰਕਮ ਅਦਾ ਕਰਨੀ ਪੈ ਰਹੀ ਹੈ। ਟਿਕਟ ਦਾ ਰੇਟ ਆਮ ਨਾਲੋਂ ਲਗਪਗ ਪੰਜ ਗੁਣਾ ਹੋ ਗਿਆ ਹੈ। ਜਿੱਥੇ ਚੰਡੀਗੜ੍ਹ ਤੋਂ ਦਿੱਲੀ ਦੀ ਹਵਾਈ ਟਿਕਟ ਤੇ ਦਿੱਲੀ ਤੋਂ ਚੰਡੀਗੜ੍ਹ ਦੀ ਟਿਕਟ ਆਮ ਦਿਨਾਂ ‘ਚ 3 ਹਜ਼ਾਰ ਰੁਪਏ ਦੇ ਕਰੀਬ ਹੁੰਦੀ ਸੀ, ਉਹ 13 ਫਰਵਰੀ ਨੂੰ 9,104 ਤੋਂ 17,021 ਰੁਪਏ ਤੱਕ ਪਹੁੰਚ ਗਈ।

ਮੌਜੂਦਾ ਜਾਣਕਾਰੀ ਅਨੁਸਾਰ ਟਿਕਟ ਦੇ ਰੇਟ ਵਿੱਚ ਇਹ ਭਾਰੀ ਵਾਧਾ ਅਗਲੇ ਤਿੰਨ ਦਿਨਾਂ ਤੱਕ ਰਹੇਗਾ ਤੇ 21 ਫਰਵਰੀ ਨੂੰ ਇਹ 3,018 ਰੁਪਏ ਦੀ ਆਮ ਦਰ ‘ਤੇ ਆ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਨਾਲ ਜੁੜੀਆਂ ਫਲਾਈਟਾਂ ‘ਚ ਟਿਕਟਾਂ ਦੀ ਕਮੀ ਵੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਏਅਰਪੋਰਟ ‘ਤੇ ਦਿੱਲੀ ਨਾਲ ਸਬੰਧਤ ਕੁੱਲ 9 ਉਡਾਣਾਂ ਹਨ। ਹਵਾਈ ਅੱਡੇ ‘ਤੇ ਇੱਕ ਏਅਰਲਾਈਨ 12 ਤੇ 13 ਤੇ 14 ਫਰਵਰੀ ਨੂੰ ਚੰਡੀਗੜ੍ਹ-ਦਿੱਲੀ ਰੂਟ ‘ਤੇ ਦੋ ਵਾਧੂ ਫਲਾਈਟ ਵੀ ਉਡਾ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਲੋਕਾਂ ਨੇ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਤੋਂ ਬਾਹਰ ਜਾਣਾ ਹੁੰਦਾ ਹੈ ਤੇ ਸਫ਼ਰ ਵਿੱਚ ਦੇਰੀ ਨਹੀਂ ਕਰ ਸਕਦੇ, ਉਹ ਮਹਿੰਗੇ ਭਾਅ ਟਿਕਟਾਂ ਖਰੀਦ ਰਹੇ ਹਨ। ਦੱਸ ਦਈਏ ਕਿ ਅੱਝ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਕਾਰਨ ਹਾਈਵੇਅ ‘ਤੇ ਕਾਫੀ ਦਿੱਕਤਾਂ ਪੈਦਾ ਹੋ ਰਹੀਆਂ ਹਨ। ਪੁਲਿਸ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸਰਹੱਦਾਂ ਨੇੜੇ ਸੜਕਾਂ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਦੂਜੇ ਪਾਸੇ ਦਿੱਲੀ ਜਾਣ ਵਾਲੀਆਂ ਟਰੇਨਾਂ ਵੀ ਪੂਰੀ ਤਰ੍ਹਾਂ ਭਰੀਆਂ ਪਈਆਂ ਹਨ।

LEAVE A REPLY

Please enter your comment!
Please enter your name here