ਖੰਨਾ ਸ਼ਹਿਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਜਿੱਥੇ ਐਤਵਾਰ 15 ਜੂਨ ਦੀ ਰਾਤ ਨੂੰ ਹੋਈ ਗੋਲਾਬਾਰੀ ਦੀ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸ਼ੁਰੂਆਤੀ ਜਾਂਚ ‘ਚ ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਇਹ ਘਟਨਾ ਰਾਤ ਕਰੀਬ 10 ਵਜੇ ਗ੍ਰੀਨਲੈਂਡ ਹੋਟਲ ਦੇ ਨੇੜੇ ਵਾਪਰੀ, ਜਦੋਂ ਦੋ ਧੜੇ ਆਪਸ ‘ਚ ਭਿੜ ਗਏ ਅਤੇ ਤੁਰੰਤ ਗੋਲਾਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਇੱਕ ਨੌਜਵਾਨ ਨਿਖਿਲ ਵਾਸੀ ਸਰਹਿੰਦ ਨੂੰ ਗੋਲੀ ਲੱਗ ਗਈ। ਉਸਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ
ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਤਣਾਅ ਵਧਿਆ ਅਤੇ ਹਿੰਸਾ ਭੜਕ ਗਈ। ਚਸ਼ਮਦੀਦਾਂ ਮੁਤਾਬਕ, ਪਹਿਲਾਂ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ, ਫਿਰ ਅਚਾਨਕ ਇੱਕ ਗੁੱਟ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ-2 ਦੇ ਐਸ.ਐਚ.ਓ. ਤਰਵਿੰਦਰ ਬੇਦੀ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰ ਲਿਆ।
ਪੁਲਿਸ ਕਰ ਰਹੀ ਹੈ ਹਰ ਪਹਿਲੂ ਤੋਂ ਜਾਂਚ
ਪੁਲਿਸ ਨੇ ਘਟਨਾਸਥਲ ਤੋਂ ਕੁਝ ਅਹਿਮ ਸੁਰਾਗ ਇਕੱਠੇ ਕੀਤੇ ਹਨ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ (CCTV cameras) ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ। ਗੈਂਗਵਾਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਪੁਲਿਸ ਨੇ ਸਬੰਧਤ ਗੁੱਟਾਂ ਦੇ ਪੁਰਾਣੇ ਰਿਕਾਰਡ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।