ਪਿਛਲੇ ਇੱਕ ਹਫ਼ਤੇ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪੰਜਾਬ ਵਿੱਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ, ਇੱਕ ਹਫ਼ਤਾ ਪਹਿਲਾਂ ਜਿੱਥੇ ਸਿਰਫ 12 ਐਕਟਿਵ ਕੇਸ ਸਨ, ਹੁਣ ਉਨ੍ਹਾਂ ਦੀ ਗਿਣਤੀ ਵੱਧ ਕੇ 35 ਹੋ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਇੱਥੇ ਹੁਣ ਤੱਕ 23 ਨਵੇਂ ਮਾਮਲੇ ਆ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਇੱਥੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਹਿਰੀ ਇਲਾਕੇ ਤੋਂ ਅਤੇ ਦੂਜਾ ਪੇਂਡੂ ਖੇਤਰ ਤੋਂ ਹੈ।
ਲੁਧਿਆਣਾ ਵਿੱਚ ਇਹ ਵਾਧਾ ਉਸ ਵੇਲੇ ਹੋਇਆ ਹੈ ਜਦੋਂ ਇੱਥੇ ਚੋਣਾਂ ਕਰਕੇ ਰਾਜਨੀਤਿਕ ਸਰਗਰਮੀਆਂ, ਭੀੜ ਵਾਲਾ ਚੋਣ ਪ੍ਰਚਾਰ ਅਤੇ ਗਰਮੀ ਦੀਆਂ ਛੁੱਟੀਆਂ ਕਰਕੇ ਸੈਲਾਨੀ ਥਾਵਾਂ ‘ਤੇ ਆਵਾਜਾਈ ਵਧੀ ਹੋਈ ਹੈ।
ਲਾਪਰਵਾਹੀ ਵਰਤਣ ਕਰਕੇ ਵੱਧ ਰਹੇ ਮਾਮਲੇ
ਲੁਧਿਆਣਾ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਦੌਰਾਨ 23 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਦੂਜੇ ਪਾਸੇ, ਜਲੰਧਰ ਵਿੱਚ 6, ਮੋਹਾਲੀ ਵਿੱਚ 4 ਅਤੇ ਫਿਰੋਜ਼ਪੁਰ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਗਰਮੀ ਅਤੇ ਲੋਕਾਂ ਵੱਲੋਂ ਲਾਪਰਵਾਹੀ ਵਰਤਣਾ ਵੀ ਸੰਕਰਮਣ ਦੇ ਫੈਲਾਅ ਦਾ ਮੁੱਖ ਕਾਰਨ ਬਣ ਰਿਹਾ ਹੈ।
ਲੁਧਿਆਣਾ ਵਿੱਚ ਕੋਰੋਨਾ ਨਾਲ ਸੰਕਰਮਿਤ ਦੋ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ 69 ਸਾਲਾਂ ਮਹਿਲਾ ਸੀ, ਜਿਨ੍ਹਾਂ ਦਾ ਇਲਾਜ PGIMER ਚੰਡੀਗੜ੍ਹ ਵਿੱਚ ਚੱਲ ਰਿਹਾ ਸੀ। ਦੂਜਾ ਮਰੀਜ਼ 39 ਸਾਲਾਂ ਪੁਰਸ਼ ਸੀ, ਜਿਸਦੀ ਮੌਤ ਚੰਡੀਗੜ੍ਹ ਦੇ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ, ਸੈਕਟਰ 32 ਵਿੱਚ ਹੋਈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮਰੀਜ਼ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ, ਜਿਸ ਕਾਰਨ ਕੋਰੋਨਾ ਦਾ ਸੰਕਰਮਣ ਉਨ੍ਹਾਂ ਲਈ ਘਾਤਕ ਸਾਬਤ ਹੋਇਆ। ਨਾਲ ਹੀ, ਦੋਵਾਂ ਦੀ ਟ੍ਰੈਵਲ ਹਿਸਟਰੀ ਵੀ ਸੀ।
ਜਲਦੀ ਹੀ ਐਡਵਾਈਜ਼ਰੀ ਜਾਰੀ ਕਰਨ ‘ਤੇ ਚਲ ਰਹੇ ਵਿਚਾਰ
ਰਾਜ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਹਾਲ ਹੀ ਵਿੱਚ ਰਿਪੋਰਟ ਹੋਏ ਸਾਰੇ ਮਰੀਜ਼ਾਂ ਵਿੱਚ ਕੇਵਲ ਹਲਕੇ ਲੱਛਣ ਹੀ ਦੇਖੇ ਗਏ ਹਨ ਅਤੇ ਹਾਲਾਤ ਇਸ ਵੇਲੇ ਨਿਯੰਤਰਣ ਵਿੱਚ ਹਨ।
ਸਿਹਤ ਵਿਭਾਗ ਸਥਿਤੀ ‘ਤੇ ਨੇੜੇ ਤੋਂ ਨਜ਼ਰ ਰੱਖੇ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਕੋਵਿਡ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਅਤੇ ਇਸ ‘ਤੇ ਇਸ ਸਮੇਂ ਵਿਚਾਰ ਚਲ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਕੋਰੋਨਾ ਦੌਰਾਨ ਘੱਟ ਤੋਂ ਘੱਟ ਪਾਬੰਦੀਆਂ ਲਗਾਉਣ ਦੀ ਹਦਾਇਤ ਦਿੱਤੀ ਹੈ।