ਲੁਧਿਆਣਾ ‘ਚ ਰਾਤ ਦੇਰ ਇਲਾਕਾ ਭੱਟੀਆਂ ਨੇੜੇ ਪੈਂਦੇ ਪਿੰਡ ਕੁਤਬੇਵਾਲ ਵਿਚ ਇਕ ਕੱਪੜਾ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਫੈਕਟਰੀ ‘ਚ ਅੱਗ ਬੁਝਾਉਣ ਲਈ ਅੱਗ ਬੁਝਾਉਣ ਵਾਲੇ ਕਰਮਚਾਰੀ ਰਾਤ ਢਾਈ ਵਜੇ ਤੱਕ ਲਗਾਤਾਰ ਕੋਸ਼ਿਸ਼ ਕਰਦੇ ਰਹੇ। ਤਿੰਨ ਮੰਜ਼ਿਲਾਂ ਫੈਕਟਰੀ ਹੋਣ ਕਰਕੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਨਜ਼ਰ ਆ ਰਹੀਆਂ ਸਨ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ‘ਚ ਪਹਿਲਾਂ ਬਿਜਲੀ ਗੁਲ ਸੀ, ਪਰ ਜਦੋਂ ਅਚਾਨਕ ਬਿਜਲੀ ਆਈ ਤਾਂ ਫੈਕਟਰੀ ਦੇ ਕੋਲੋਂ ਚਿੰਗਾੜੀਆਂ ਨਿਕਲਣ ਲੱਗ ਪਈਆਂ। ਇਸ ਦੀ ਜਾਣਕਾਰੀ ਲੋਕਾਂ ਨੇ ਫੈਕਟਰੀ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਇਸ ਤੋਂ ਬਾਅਦ ਲਗਭਗ 7 ਤੋਂ ਵੱਧ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਈ ਘੰਟਿਆਂ ਦੀ ਜ਼ੋਰ ਲਗਾਤਾਰ ਮਿਹਨਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਲਾਕੇ ‘ਚ ਅਫਰਾ-ਤਫਰੀ ਦੇਖਦਿਆਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਸ਼ਾਂਤ ਕੀਤਾ।
ਬਿਜਲੀ ਕੱਟ ਕਾਰਨ ਬੰਦ ਸੀ ਫੈਕਟਰੀ, ਸਾਰਾ ਸਮਾਨ ਸੜ ਕੇ ਹੋਇਆ ਰਾਖ
ਜਾਣਕਾਰੀ ਅਨੁਸਾਰ ਪਿੰਡ ਕੁਤਬੇਵਾਲ ‘ਚ “ਵਿਕਰਾਂਤ ਨਿਟਸ” ਨਾਂ ਦੀ ਫੈਕਟਰੀ ਹੈ, ਜਿੱਥੇ ਟੀ-ਸ਼ਰਟਾਂ ਤਿਆਰ ਹੁੰਦੀਆਂ ਹਨ। ਬਿਜਲੀ ਕੱਟ ਹੋਣ ਕਰਕੇ ਫੈਕਟਰੀ ‘ਚ ਛੁੱਟੀ ਸੀ। ਦਮਕਲ ਅਧਿਕਾਰੀ ਆਤਿਸ਼ ਨੇ ਦੱਸਿਆ ਕਿ ਉਹ 10 ਵਾਰੀ ਤੱਕ ਪਾਣੀ ਸੁੱਟ ਚੁੱਕੇ ਸਨ, ਪਰ ਅੱਗ ‘ਤੇ ਕਾਬੂ ਨਹੀਂ ਆ ਰਿਹਾ ਸੀ। ਅੱਗ ਨੂੰ ਬੁਝਾਉਣ ਵਿੱਚ 3 ਤੋਂ 4 ਘੰਟੇ ਲੱਗ ਗਏ। ਦੇਰ ਰਾਤ ਤੱਕ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਰੈਸਕਿਊ ਜਾਰੀ ਰਿਹਾ। ਫੈਕਟਰੀ ‘ਚ ਕੱਪੜੇ ਦਾ ਵੱਡਾ ਸਟੌਕ ਸੀ ਜੋ ਕਿ ਸਾਰਾ ਸੜ ਕੇ ਰਾਖ ਹੋ ਗਿਆ। ਹੁਣ ਨੁਕਸਾਨ ਬਾਰੇ ਫੈਕਟਰੀ ਮਾਲਕ ਹੀ ਪੁਸ਼ਟੀ ਕਰ ਸਕਦੇ ਹਨ।