ਸੰਗਰੂਰ ਦੇ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਪਹਿਲੀ ਪਤਨੀ ਵੱਲੋਂ ਲਗਾਏ ਜਾ ਰਹੇ ਆਰੋਪਾਂ ਦਾ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਵਾਬ ਦਿੱਤਾ ਹੈ। ਵੀਡੀਓ ਵਿੱਚ ਬਾਬਾ ਗੁਰਵਿੰਦਰ ਸਿੰਘ ਨੇ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਉਸ ਨੂੰ ਆਪਣੇ ਮਨ ਤੋਂ ਪਹਿਲਾਂ ਹੀ ਡਿਲੀਟ ਕਰ ਚੁੱਕੇ ਹਨ।
ਬਾਬਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਅਤੇ ਗੁਰਜੀਤ ਕੌਰ ਵਿਚਾਲੇ ਚੱਲ ਰਹੇ ਮਾਮਲੇ ਦੀ ਅਸਲ ਜਾਣਕਾਰੀ ਨਹੀਂ ਹੈ। ਉਨ੍ਹਾਂ ਮੁਤਾਬਕ, ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਮੌਜੂਦਾ ਸਰਦਾਰਨੀ ਆਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਪਤਨੀ ਨੂੰ ਆਪਣੀ ਜ਼ਿੰਦਗੀ ਤੋਂ ਵੱਖ ਕਰ ਲਿਆ।
ਪਰਿਵਾਰ ’ਤੇ ਆਰੋਪ ਲਗਾਉਣ ਦੇ ਇਲਜ਼ਾਮ
ਬਾਬਾ ਗੁਰਵਿੰਦਰ ਸਿੰਘ ਨੇ ਆਰੋਪ ਲਾਇਆ ਕਿ ਉਨ੍ਹਾਂ ਦੀ ਪਹਿਲੀ ਪਤਨੀ ਵੱਲੋਂ ਉਨ੍ਹਾਂ ਦੀ ਮਾਤਾ, ਭਰਾ, ਭਾਬੀ, ਤਾਇਆ-ਤਾਈ ਅਤੇ ਹੋਰ ਪਰਿਵਾਰਕ ਮੈਂਬਰਾਂ ’ਤੇ ਲਗਾਤਾਰ ਇਲਜ਼ਾਮ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਅੱਜ ਵੀ ਵੱਡੀ ਗਿਣਤੀ ਵਿੱਚ ਲੋਕਾਂ ਲਈ ਖਾਣਾ ਬਣਦਾ ਹੈ ਅਤੇ ਕਿਸੇ ਨੂੰ ਭੁੱਖਾ ਨਹੀਂ ਮੋੜਿਆ ਜਾਂਦਾ।
10 ਮਹੀਨੇ ਜੇਲ੍ਹ ਵਿੱਚ ਰਹਿਣ ਦਾ ਕੀਤਾ ਦਾਅਵਾ
ਬਾਬਾ ਨੇ ਕਿਹਾ ਕਿ ਉਨ੍ਹਾਂ ਦਾ ਮਾਮਲਾ ਸਿਰਫ਼ ਤਲਾਕ ਨਾਲ ਸਬੰਧਤ ਨਹੀਂ, ਸਗੋਂ ਇੱਕ ਮਾਮਲੇ ਅਤੇ ਕਰਾਸ ਕੇਸ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਲੜਕੀ ਨੂੰ ਲੈਣ ਗਏ ਸਨ ਤਾਂ ਉਨ੍ਹਾਂ ’ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ’ਤੇ ਵੀ ਕੇਸ ਦਰਜ ਹੋਇਆ ਅਤੇ ਉਹ ਕਰੀਬ 10 ਮਹੀਨੇ ਜੇਲ੍ਹ ਵਿੱਚ ਰਹੇ। ਹਾਲਾਂਕਿ ਇਹ ਸਾਰੇ ਦਾਅਵੇ ਬਾਬਾ ਵੱਲੋਂ ਵੀਡੀਓ ਵਿੱਚ ਕੀਤੇ ਗਏ ਹਨ।
ਘਰ ਬੱਚੇ ਦੇ ਆਉਣ ਦੀ ਗੱਲ ਆਖੀ
ਵੀਡੀਓ ਵਿੱਚ ਬਾਬਾ ਗੁਰਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਘਰ ਜਲਦ ਹੀ ਬੱਚਾ ਆਉਣ ਵਾਲਾ ਹੈ। ਉਨ੍ਹਾਂ ਆਪਣੀ ਮੌਜੂਦਾ ਸਰਦਾਰਨੀ ਨਾਲ ਖੁਸ਼ ਰਹਿਣ ਦੀ ਗੱਲ ਕਹੀ। ਉਨ੍ਹਾਂ ਪਹਿਲੀ ਪਤਨੀ ਨੂੰ ਤਲਾਕ ਦੇ ਕਾਗਜ਼ ਪਿੰਡ ਦੇ ਸਰਪੰਚ ਕੋਲ ਭੇਜਣ ਲਈ ਕਿਹਾ ਅਤੇ ਸੋਨਾ ਵਾਪਸ ਕਰਨ ਦੀ ਗੱਲ ਵੀ ਆਖੀ। ਬਾਬਾ ਨੇ ਵਿਆਹ ਸਮੇਂ ਹੋਏ ਕੁਝ ਖਰਚੇ ਵਾਪਸ ਕਰਨ ਦੀ ਗੱਲ ਵੀ ਵੀਡੀਓ ਵਿੱਚ ਕੀਤੀ।









