ਹਿਸਾਰ ਦੀ ਇੱਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਹੈ। ਹੁਣ ਉਸਦੀ ਅਗਲੀ ਸੁਣਵਾਈ 3 ਸਤੰਬਰ ਨੂੰ ਹੋਵੇਗੀ। ਜੋਤੀ ਮਲਹੋਤਰਾ ਨੂੰ ਮਈ ਵਿੱਚ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋਤੀ ਮਲਹੋਤਰਾ ਦੇ ਵਕੀਲ ਨੇ ਦੱਸਿਆ ਕਿ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਅੱਜ ਹਿਸਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ 95 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਈ ਅਤੇ ਅਦਾਲਤ ਵਿੱਚ ਫਿਜ਼ੀਕਲ ਤੌਰ ‘ਤੇ ਪੇਸ਼ ਹੋਈ।
ਸੋਮਵਾਰ ਨੂੰ ਜੋਤੀ ਮਲਹੋਤਰਾ ਨੂੰ ਜੁਡੀਸ਼ੀਅਲ ਮੈਜਿਸਟਰੇਟ ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਉਸਦੀ ਨਿਆਂਇਕ ਹਿਰਾਸਤ 3 ਸਤੰਬਰ ਤੱਕ ਵਧਾ ਦਿੱਤੀ। ਉਸਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ ਕਿ ਫਿਲਹਾਲ ਜੋਤੀ ਨੂੰ ਚਾਰਜਸ਼ੀਟ ਦੀ ਕਾਪੀ ਵੀ ਉਪਲਬਧ ਨਹੀਂ ਕਰਵਾਈ ਗਈ ਹੈ, ਜਿਸ ਲਈ ਉਹ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।
ਕਿਵੇਂ ਹੋਈ ਗ੍ਰਿਫ਼ਤਾਰੀ ?
ਹਿਸਾਰ ਦੀ ਰਹਿਣ ਵਾਲੀ ਜੋਤੀ ਮਲਹੋਤਰਾ “Travel with JO” ਨਾਮ ਦਾ ਯੂਟਿਊਬ ਚੈਨਲ ਚਲਾਉਂਦੀ ਸੀ। ਉਸਨੂੰ 16 ਮਈ ਨੂੰ ਹਿਸਾਰ ਪੁਲਿਸ ਨੇ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਦੇ ਖਿਲਾਫ ਅਧਿਕਾਰਤ ਭੇਦ ਐਕਟ ਅਤੇ ਭਾਰਤੀ ਦੰਡ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜੋਤੀ ਦਾ ਸੰਪਰਕ ਪਾਕਿਸਤਾਨੀ ਖੁਫੀਆ ਏਜੰਸੀ (ਆਈਐਸਆਈ) ਨਾਲ ਜੁੜੇ ਲੋਕਾਂ ਨਾਲ ਸੀ। ਹਾਲਾਂਕਿ ਪੁਲਿਸ ਦੇ ਅਨੁਸਾਰ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ ,ਜੋ ਇਹ ਸਾਬਤ ਕਰਦਾ ਹੋਵੇ ਕਿ ਜੋਤੀ ਕੋਲ ਕਿਸੇ ਵੀ ਤਰ੍ਹਾਂ ਦੀ ਫੌਜੀ ਜਾਂ ਰੱਖਿਆ ਸੰਬੰਧੀ ਜਾਣਕਾਰੀ ਸੀ।
ਜ਼ਮਾਨਤ ਪਟੀਸ਼ਨ ਰੱਦ
ਇਸ ਤੋਂ ਪਹਿਲਾਂ 9 ਜੂਨ ਨੂੰ ਅਦਾਲਤ ਨੇ ਜੋਤੀ ਮਲਹੋਤਰਾ ਦੀ ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਸਮੇਂ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਜਾਂਚ ਅਜੇ ਵੀ ਚੱਲ ਰਹੀ ਹੈ ਅਤੇ ਜ਼ਮਾਨਤ ਮਿਲਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
ਪਿੰਡ ਅਤੇ ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਏ
ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਉਸਦੇ ਪਰਿਵਾਰ ਅਤੇ ਸਥਾਨਕ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਇੱਕ ਯੂਟਿਊਬਰ ਸੀ ਅਤੇ ਉਸਨੇ ਕੋਈ ਦੇਸ਼ ਵਿਰੋਧੀ ਗਤੀਵਿਧੀ ਨਹੀਂ ਕੀਤੀ। ਫਿਲਹਾਲ ਪੁਲਿਸ ਜਾਂਚ ਜਾਰੀ ਰੱਖ ਰਹੀ ਹੈ ਅਤੇ ਅਗਲੀ ਅਦਾਲਤੀ ਸੁਣਵਾਈ 3 ਸਤੰਬਰ ਨੂੰ ਹੋਵੇਗੀ।