Home ਪੰਜਾਬ ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਨੂੰ ਅਦਾਲਤ...

ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

0
104

ਮੋਹਾਲੀ ‘ਚ ਪਤੀ ਦੀ ਹੱਤਿਆ ਕਰਨ ਵਾਲੀ ਪਤਨੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਸੀਰਤ ਕੌਰ ‘ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਵਾਧੂ ਸਜ਼ਾ ਵੀ ਕੱਟਣੀ ਪਵੇਗੀ। ਸੀਰਤ ਕੌਰ ਨੇ 9 ਸਾਲ ਪਹਿਲਾਂ ਆਪਣੇ ਪਤੀ ਏਕਮ ਢਿੱਲੋਂ ਦਾ ਕਤਲ ਕੀਤਾ ਸੀ।

ਉਸ ਨੇ 6 ਫੁੱਟ ਲੰਬੇ ਪਤੀ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਢਾਈ ਫੁੱਟ ਦੇ ਸੂਟਕੇਸ ਵਿੱਚ ਪੈਕ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਸੂਟਕੇਸ ਨੂੰ ਠਿਕਾਣੇ ਲਗਾਉਣ ਲਈ BMW ਕਾਰ ਵਿੱਚ ਲੈ ਕੇ ਜਾ ਰਹੀ ਸੀ ਪਰ ਉਸ ਦੀ ਕਰਤੂਤ ਬੇਨਕਾਬ ਹੋ ਗਈ। ਸ਼ੁੱਕਰਵਾਰ ਨੂੰ ਮੋਹਾਲੀ ਦੀ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਸੀਰਤ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਔਰਤ ਦਾ ਪਹਿਲਾ ਅਪਰਾਧ ਹੈ ਅਤੇ ਉਸ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਾਮਲਾ ‘ਰੇਅਰੇਸਟ ਆਫ਼ ਰੇਅਰ’ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।

ਇਹ ਘਟਨਾ 18 ਅਤੇ 19 ਮਾਰਚ 2017 ਦੀ ਦਰਮਿਆਨੀ ਰਾਤ ਨੂੰ ਮੋਹਾਲੀ ਦੇ ਫੇਜ਼-3B1 ਸਥਿਤ ਮਕਾਨ ਨੰਬਰ 116 ਵਿੱਚ ਵਾਪਰੀ ਸੀ। ਮ੍ਰਿਤਕ ਏਕਮ ਢਿੱਲੋਂ ਇੱਕ ਨਾਮੀ ਬਿਲਡਰ ਸੀ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ।

ਅੱਧੀ ਰਾਤ ਚੀਖ ਸੁਣੀ, ਫਿਰ ਗੋਲੀ ਚੱਲਣ ਦੀ ਆਵਾਜ਼

ਏਕਮ ਢਿੱਲੋਂ ਅਤੇ ਸੀਰਤ ਦੇ 11 ਸਾਲਾ ਪੁੱਤਰ ਗੁਰਨਿਵਾਜ ਸਿੰਘ ਨੇ ਅਦਾਲਤ ਵਿੱਚ ਗਵਾਹੀ ਦਿੰਦਿਆਂ ਦੱਸਿਆ ਕਿ ਵਾਰਦਾਤ ਵਾਲੀ ਰਾਤ ਉਸ ਨੇ ਆਪਣੇ ਪਿਤਾ ਦੀ ਚੀਖ ਅਤੇ ਫਿਰ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ। ਜਦੋਂ ਉਸ ਨੇ ਕਮਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮਾਂ ਸੀਰਤ ਨੇ ਬਾਹਰੋਂ ਕੁੰਡੀ ਲਾ ਦਿੱਤੀ ਅਤੇ ਕਿਹਾ ਕਿ ਇਹ ਆਵਾਜ਼ ਟੀਵੀ ਤੋਂ ਆ ਰਹੀ ਹੈ, ਤੂੰ ਸੌਂ ਜਾ। ਸੀਰਤ ਨੇ ਅਮਰੀਕਾ ਵਿੱਚ ਬਣੀ 7.65 ਐੱਮਐੱਮ ਦੀ ਗੈਰ-ਕਾਨੂੰਨੀ ਪਿਸਤੌਲ ਨਾਲ ਇਕਮ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

BMW ਕਾਰ ਵਿੱਚ ਪਏ ਸੂਟਕੇਸ ਵਿੱਚੋਂ ਟਪਕ ਰਿਹਾ ਸੀ ਖੂਨ

ਅਗਲੀ ਸਵੇਰ (19 ਮਾਰਚ) ਇਕਮ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਅਤੇ ਪਿਤਾ ਜਸਪਾਲ ਸਿੰਘ ਨੂੰ ਕਿਸੇ ਜਾਣਕਾਰ ਨੇ ਘਰ ਵਿੱਚ ਕੁਝ ਗੜਬੜ ਹੋਣ ਦੀ ਸੂਚਨਾ ਦਿੱਤੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕੋਠੀ ਦੇ ਬਾਹਰ ਇਕਮ ਦੀ BMW ਕਾਰ (CH-04-F-0027) ਖੜ੍ਹੀ ਸੀ ਅਤੇ ਕਾਰ ਦੇ ਪਿਛਲੇ ਦਰਵਾਜ਼ੇ ਕੋਲ ਜ਼ਮੀਨ ‘ਤੇ ਖੂਨ ਵਿਖਰਿਆ ਹੋਇਆ ਸੀ। ਕਾਰ ਖੋਲ੍ਹਣ ‘ਤੇ ਪਿਛਲੀ ਸੀਟ ‘ਤੇ ਇੱਕ ਵੱਡਾ ਕਾਲਾ ਸੂਟਕੇਸ ਮਿਲਿਆ, ਜਿਸ ਵਿੱਚੋਂ ਖੂਨ ਰਿਸ ਰਿਹਾ ਸੀ। ਸੂਟਕੇਸ ਖੋਲ੍ਹਣ ‘ਤੇ ਉਸ ਵਿੱਚੋਂ ਇਕਮ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ।

CCTV ਫੁਟੇਜ ਨੇ ਖੋਲ੍ਹੀ ਪੂਰੀ ਸਾਜ਼ਿਸ਼

ਗੁਆਂਢੀ ਦੇ ਘਰ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਇਸ ਕੇਸ ਦਾ ਸਭ ਤੋਂ ਅਹਿਮ ਸਬੂਤ ਬਣੀ। ਫੁਟੇਜ ਵਿੱਚ ਸੀਰਤ ਕੌਰ ਸਵੇਰੇ ਕਰੀਬ 8:30 ਵਜੇ ਇਕੱਲੀ ਹੀ ਸੂਟਕੇਸ ਨੂੰ ਪੌੜੀਆਂ ਤੋਂ ਹੇਠਾਂ ਘਸੀਟਦੀ ਨਜ਼ਰ ਆਈ। ਸੂਟਕੇਸ ਹੇਠਾਂ ਲਿਆਉਣ ਤੋਂ ਬਾਅਦ ਉਸ ਨੇ ਪੌੜੀਆਂ ‘ਤੇ ਲੱਗੇ ਖੂਨ ਦੇ ਨਿਸ਼ਾਨ ਵੀ ਪੋਚਾ ਲਗਾ ਕੇ ਸਾਫ਼ ਕੀਤੇ। ਬਾਅਦ ਵਿੱਚ ਉਸ ਨੇ ਇੱਕ ਆਟੋ ਚਾਲਕ ਦੀ ਮਦਦ ਨਾਲ ਸੂਟਕੇਸ ਨੂੰ BMW ਕਾਰ ਦੀ ਪਿਛਲੀ ਸੀਟ ‘ਤੇ ਰੱਖਵਾਇਆ।

ਗੁਰਦੁਆਰੇ ਕੋਲ ਖੂਨ ਨਾਲ ਲੱਥਪੱਥ ਕੱਪੜੇ ਸਾੜੇ

ਵਾਰਦਾਤ ਨੂੰ ਅੰਜਾਮ ਦੇਣ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਸੀਰਤ ਘਰ ਤੋਂ ਫਰਾਰ ਹੋ ਗਈ। ਇਸ ਤੋਂ ਬਾਅਦ ਉਹ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਪਹੁੰਚੀ, ਜਿੱਥੇ ਉਸ ਨੇ ਖੂਨ ਨਾਲ ਲੱਥਪੱਥ ਕੱਪੜੇ ਅਤੇ ਚੱਪਲਾਂ ਇੱਕ ਕਾਲੇ ਲਿਫਾਫੇ ਵਿੱਚ ਰੱਖ ਕੇ ਦਰੱਖਤ ਕੋਲ ਲੁਕਾ ਦਿੱਤੇ।

ਕਤਲ ਤੋਂ ਬਾਅਦ ਸੈਲੂਨ ਗਈ, ਨਵਾਂ ਫੋਨ ਵੀ ਖਰੀਦਿਆ

ਸੀਰਤ ਫੇਜ਼-3B2 ਦੇ ਸੈਮਸੰਗ ਸ਼ੋਰੂਮ ਗਈ, ਜਿੱਥੇ ਉਸ ਨੇ ਕ੍ਰੈਡਿਟ ਕਾਰਡ ਰਾਹੀਂ 8,800 ਰੁਪਏ ਦਾ ਨਵਾਂ ਮੋਬਾਈਲ ਫੋਨ ਖਰੀਦਿਆ ਅਤੇ ਲੈਂਡਲਾਈਨ ਤੋਂ ਕਈ ਕਾਲਾਂ ਕੀਤੀਆਂ। ਹੱਤਿਆ ਤੋਂ ਕੁਝ ਹੀ ਘੰਟਿਆਂ ਬਾਅਦ ਉਹ ਮੋਹਾਲੀ ਦੇ ‘ਜ਼ੂਕੇਰੋ ਸੈਲੂਨ’ ਪਹੁੰਚੀ, ਜਿੱਥੇ ਉਸ ਨੇ ਵਾਲ ਧੁਲਵਾਏ ਅਤੇ ਉੱਥੇ ਦੇ ਕਰਮਚਾਰੀਆਂ ਤੋਂ ਫੋਨ ਲੈ ਕੇ ਕਈ ਕਾਲਾਂ ਕੀਤੀਆਂ। CCTV ਵਿੱਚ ਉਹ ਗੁਲਾਬੀ ਟਾਪ ਅਤੇ ਕਾਲੀ ਟਰੈਕ ਪੈਂਟ ਪਹਿਨੇ ਹੋਏ ਨਜ਼ਰ ਆਈ।

ਕਤਲ ਦੇ ਪਿੱਛੇ ਦੋ ਮੁੱਖ ਕਾਰਨ

ਏਕਮ ਢਿੱਲੋਂ ਨੇ ਗੁਰੂਗ੍ਰਾਮ ਅਤੇ ਮੁੱਲਾਂਪੁਰ ਵਿੱਚ ਕਰੀਬ 4 ਤੋਂ 5 ਕਰੋੜ ਰੁਪਏ ਦੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਜਾਇਦਾਦਾਂ ਖਰੀਦੀਆਂ ਸਨ, ਜੋ ਸੀਰਤ ਅਤੇ ਉਸ ਦੀ ਮਾਂ ਦੇ ਨਾਮ ‘ਤੇ ਰਜਿਸਟਰ ਕਰਵਾਈਆਂ ਗਈਆਂ ਸਨ। ਆਰੋਪ ਹੈ ਕਿ ਸੀਰਤ ਇਨ੍ਹਾਂ ਜਾਇਦਾਦਾਂ ਅਤੇ ਪੈਸੇ ‘ਤੇ ਕਬਜ਼ਾ ਕਰਨਾ ਚਾਹੁੰਦੀ ਸੀ।

ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਢਿੱਲੋਂ ਦੇ ਮੁਤਾਬਕ ਸੀਰਤ ਦੇ ਇੱਕ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਨੂੰ ਲੈ ਕੇ ਪਤੀ-ਪਤਨੀ ਵਿਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਵਾਰਦਾਤ ਤੋਂ ਇੱਕ ਦਿਨ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋਇਆ ਸੀ।

 

LEAVE A REPLY

Please enter your comment!
Please enter your name here

Exit mobile version