ਬਰਨਾਲਾ ਦੀ ਸਭ ਤੋਂ ਮਸ਼ਹੂਰ ਅਤੇ ਪੌਸ਼ ਮੰਨੀ ਜਾਂਦੀ ‘ਆਸਥਾ ਕਾਲੋਨੀ’ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਕਥਿਤ ਤੌਰ ‘ਤੇ ਕਰੋੜਾਂ-ਅਰਬਾਂ ਰੁਪਏ ਦੇ ਭੂ-ਮਾਫੀਆ ਘੁਟਾਲੇ ਅਤੇ ਸਰਕਾਰੀ ਟੈਕਸਾਂ ਦੀ ਚੋਰੀ ਦਾ ਮਾਮਲਾ ਸਥਾਨਕ ਲੋਕਾਂ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ, ਜਿਸ ਨੂੰ ਮੀਡੀਆ ਨੇ ਵੀ ਦੋ ਦਿਨ ਪਹਿਲਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।
ਕਾਲੋਨੀ ਨਿਵਾਸੀਆਂ ਨੇ ਆਰੋਪ ਲਗਾਇਆ ਸੀ ਕਿ ਲਗਭਗ 34 ਏਕੜ ਦੀ ਮਨਜ਼ੂਰਸ਼ੁਦਾ (Approved) ਕਾਲੋਨੀ ਨੂੰ ਗੈਰ-ਕਾਨੂੰਨੀ ਢੰਗ ਨਾਲ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਮਾਰਕੀਟ ਰੇਟ ਅਤੇ ਕਲੈਕਟਰ ਰੇਟ ਵਿੱਚ ਵੱਡੇ ਫ਼ਰਕ ਰਾਹੀਂ ਕਰੋੜਾਂ ਰੁਪਏ ਦੇ ਟੈਕਸ ਦੀ ਕਥਿਤ ਚੋਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸਲ ਤੱਥਾਂ ਤੱਕ ਪਹੁੰਚਣ ਲਈ ਵਿਸਥਾਰਪੂਰਵਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨ ਅਨੁਸਾਰ ਇੱਕ ਠੋਸ “ਸਪੀਕਿੰਗ ਆਰਡਰ” (ਲਿਖਤੀ ਫ਼ੈਸਲਾ) ਜਾਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
