ਮੋਹਾਲੀ ‘ਚ ਸ਼ਰਾਬ ਦੇ ਨਸ਼ੇ ‘ਚ ਧੁੱਤ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕਾ ਦੇ ਸਿਰ ਅਤੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਦੀ ਪਛਾਣ ਰਾਧਿਕਾ (29) ਵਜੋਂ ਹੋਈ ਹੈ, ਜਦੋਂ ਕਿ ਆਰੋਪੀ ਦੀ ਪਛਾਣ ਰਵੀ (32) ਵਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।
ਤੇਜ਼ ਹਥਿਆਰ ਨਾਲ ਕੀਤਾ ਹਮਲਾ
ਜਾਣਕਾਰੀ ਅਨੁਸਾਰ ਰਾਧਿਕਾ ਦਾ ਕਤਲ ਸੋਮਵਾਰ ਸ਼ਾਮ ਨੂੰ ਕੀਤਾ ਗਿਆ ਸੀ। ਗੁਆਂਢੀਆਂ ਨੂੰ ਇਸ ਘਟਨਾ ਦੀ ਸੂਚਨਾ ਮੰਗਲਵਾਰ ਨੂੰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ। ਫੇਜ਼ 11 ਪੁਲਿਸ ਨੇ ਆਰੋਪੀ ਪਤੀ ਵਿਰੁੱਧ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਧਿਕਾ ਦੇ ਗੁਆਂਢੀਆਂ ਨੇ ਦੱਸਿਆ ਕਿ ਰਵੀ ਨੇ ਸੋਮਵਾਰ ਸ਼ਾਮ ਨੂੰ ਬਹੁਤ ਜ਼ਿਆਦਾ ਸ਼ਰਾਬ ਪੀ ਰੱਖੀ ਸੀ ਅਤੇ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ ,ਜੋ ਉਸਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਰਵੀ ਨੇ ਰਾਧਿਕਾ ਦੇ ਸਿਰ ‘ਤੇ ਤੇਜ਼ ਹਥਿਆਰ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ। ਜਦੋਂ ਸੋਮਵਾਰ ਨੂੰ ਪਤੀ-ਪਤਨੀ ਵਿੱਚ ਝਗੜਾ ਹੋਇਆ ਤਾਂ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਪਰ ਰਾਧਿਕਾ ਦੇ ਘਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਕਾਰਨ ਪੁਲਿਸ ਮੁਲਾਜ਼ਮ ਵਾਪਸ ਚਲੇ ਗਏ।
ਜਦੋਂ ਮਾਂ ਪਹੁੰਚੀ ਤਾਂ ਬੈਡ ‘ਤੇ ਪਈ ਸੀ ਮ੍ਰਿਤਕ ਦੇਹ
ਆਰੋਪੀ ਰਵੀ ਦਾ ਇੱਕ ਵੱਡਾ ਭਰਾ ਸੋਨੂੰ ਹੈ, ਜੋ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ। ਘਟਨਾ ਸਮੇਂ ਉਹ ਘਰ ‘ਚ ਸੀ, ਜਦੋਂ ਕਿ ਰਵੀ ਦੀ ਮਾਂ ਆਪਣੀ ਧੀ ਨੂੰ ਮਿਲਣ ਗਈ ਹੋਈ ਸੀ। ਜਦੋਂ ਰਵੀ ਦੀ ਮਾਂ ਸਵੇਰੇ ਪਹੁੰਚੀ ਤਾਂ ਉਸਨੇ ਰਾਧਿਕਾ ਨੂੰ ਬੈਡ ‘ਤੇ ਖੂਨ ਨਾਲ ਲੱਥਪੱਥ ਪਈ ਦੇਖਿਆ। ਰਵੀ ਦੀ ਮਾਂ ਨੇ ਨੇੜੇ ਹੀ ਇੱਕ ਬੰਗਾਲੀ ਡਾਕਟਰ ਨੂੰ ਫ਼ੋਨ ਕੀਤਾ, ਜਿਸਨੇ ਉਸਨੂੰ ਦੱਸਿਆ ਕਿ ਉਹ ਮਰ ਗਈ ਹੈ।









