ਬੋਰਨਵੀਟਾ ਸਿਹਤਮੰਦ ਡਰਿੰਕ ਨਹੀਂ ਹੈ: ਬੋਰਨਵੀਟਾ ਵਰਗੇ ਕਈ ਹੈਲਥ ਡ੍ਰਿੰਕਸ, ਜੋ ਕਿ ਬੱਚਿਆਂ ਦੇ ਵਿਕਾਸ ਨੂੰ ਵਧਾਉਣ ਦਾ ਦਾਅਵਾ ਕਰਦੇ ਹਨ, ਬਾਜ਼ਾਰ ਅਤੇ ਈ-ਕਾਮਰਸ ਵੈੱਬਸਾਈਟਾਂ ‘ਤੇ ਉਪਲਬਧ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਹੈਲਥ ਡਰਿੰਕਸ ਤੁਹਾਡੇ ਬੱਚਿਆਂ ਲਈ ਸੱਚਮੁੱਚ ਸਿਹਤਮੰਦ ਹਨ ਜਾਂ ਨਹੀਂ? ਹੁਣ, ਭਾਰਤ ਸਰਕਾਰ ਨੇ ਹੈਲਥ ਡਰਿੰਕਸ ਦੇ ਨਾਮ ‘ਤੇ ਪੀਣ ਵਾਲੇ ਪਦਾਰਥ ਵੇਚਣ ਵਾਲੀਆਂ ਈ-ਕਾਮਰਸ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ।
ਦਰਅਸਲ ਵਣਜ ਅਤੇ ਉਦਯੋਗ ਮੰਤਰਾਲੇ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਵੈੱਬਸਾਈਟਾਂ ਤੋਂ ‘ਹੈਲਥ ਡਰਿੰਕਸ ਸ਼੍ਰੇਣੀ’ ਤੋਂ ਬੋਰਨਵੀਟਾ ਸਮੇਤ ਸਾਰੇ ਪੀਣ ਵਾਲੇ ਪਦਾਰਥਾਂ ਨੂੰ ਹਟਾਉਣ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ‘ਚ ਆਇਆ ਹੈ ਕਿ ਈ-ਕਾਮਰਸ ਸਾਈਟਾਂ ਅਤੇ ਪਲੇਟਫਾਰਮ ‘ਤੇ ਬੋਰਨਵੀਟਾ ਸਮੇਤ ਕੁਝ ਪੀਣ ਵਾਲੇ ਪਦਾਰਥਾਂ ਨੂੰ ‘ਹੈਲਥ ਡਰਿੰਕਸ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਸਬੰਘੀ ਉਦਯੋਗ ਮੰਤਰਾਲਾ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਹੈਲਥ ਡਰਿੰਕਸ ‘ਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੋਰਨਵੀਟਾ ਅਤੇ ਹੋਰ ਪੀਣ ਵਾਲੇ ਪਦਾਰਥਾਂ ਨੂੰ ਹੈਲਥ ਡਰਿੰਕਸ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ।
ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ ਆਪਣੀ ਜਾਂਚ ਤੋਂ ਬਾਅਦ ਪਾਇਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ‘ਹੈਲਥ ਡਰਿੰਕਸ’ ਦੀ ਕੋਈ ਪਰਿਭਾਸ਼ਾ ਨਹੀਂ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਈ-ਕਾਮਰਸ ਕੰਪਨੀਆਂ ਅਤੇ ਵੈੱਬਸਾਈਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਲੇਟਫਾਰਮਾਂ ਤੋਂ ‘ਹੈਲਥ ਡਰਿੰਕਸ’ ਸ਼੍ਰੇਣੀ ਵਿੱਚੋਂ ਬੋਰਨਵੀਟਾ ਸਮੇਤ ਪੀਣ ਵਾਲੇ ਪਦਾਰਥਾਂ ਨੂੰ ਹਟਾਉਣ।