Home ਪੰਜਾਬ ਫਰੀਦਕੋਟ ‘ਚ ਘਰਾਂ ਦੇ ਬਾਹਰ ਲੱਗੇ ‘ਮਕਾਨ ਵਿਕਾਊ ਹੈ’ ਦੇ ਪੋਸਟਰ, ਨਸ਼ਾ...

ਫਰੀਦਕੋਟ ‘ਚ ਘਰਾਂ ਦੇ ਬਾਹਰ ਲੱਗੇ ‘ਮਕਾਨ ਵਿਕਾਊ ਹੈ’ ਦੇ ਪੋਸਟਰ, ਨਸ਼ਾ ਤਸਕਰਾਂ ਤੋਂ ਤੰਗ ਆ ਕੇ ਲੋਕਾਂ ਦਾ ਫੈਸਲਾ

0
1903
ਫਰੀਦਕੋਟ 'ਚ ਘਰਾਂ ਦੇ ਬਾਹਰ ਲੱਗੇ 'ਮਕਾਨ ਵਿਕਾਊ ਹੈ' ਦੇ ਪੋਸਟਰ, ਨਸ਼ਾ ਤਸਕਰਾਂ ਤੋਂ ਤੰਗ ਆ ਕੇ ਲੋਕਾਂ ਦਾ ਫੈਸਲਾ

ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੇ ਜੈਤੋ ਰੋਡ ਸਥਿਤ ਵਾਰਡ ਨੰਬਰ 17 ਦੀ ਲਾਲੇਆਣਾ ਬਸਤੀ ਵਿੱਚ ਕਈ ਘਰਾਂ ਦੇ ਬਾਹਰ ਲੱਗੇ “ਮਕਾਨ ਵਿਕਾਊ ਹੈ” ਦੇ ਪੋਸਟਰਾਂ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਰਿਵਾਰਾਂ ਨੇ ਇਸਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਵਿਰੁੱਧ ਆਪਣਾ ਵਿਰੋਧ ਦੱਸਿਆ ਹੈ, ਜਦਕਿ ਸਥਾਨਕ ਨੁਮਾਇੰਦਿਆਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨੂੰ ਹਕੀਕਤ ਤੋਂ ਵੱਖਰਾ ਰੂਪ ਦੇ ਕੇ ਪੇਸ਼ ਕੀਤਾ ਜਾ ਰਿਹਾ ਹੈ।

ਪੋਸਟਰ ਲਗਾਉਣ ਵਾਲੇ ਪਰਿਵਾਰਾਂ ਦਾ ਆਰੋਪ ਹੈ ਕਿ ਬਸਤੀ ਵਿੱਚ ਇੱਕ ਪਰਿਵਾਰ ਦੀਆਂ ਸ਼ੱਕੀ ਗਤੀਵਿਧੀਆਂ ਕਾਰਨ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧ ਕਰਨ ‘ਤੇ ਉਨ੍ਹਾਂ ਨੂੰ ਧਮਕੀਆਂ ਅਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੇ ਆਪਣੇ ਘਰ ਵੇਚ ਕੇ ਕਿਸੇ ਹੋਰ ਥਾਂ ਵੱਸਣ ਦੀ ਚੇਤਾਵਨੀ ਦਿੰਦਿਆਂ ਪੋਸਟਰ ਲਗਾਏ ਹਨ।

ਮੁਹੱਲਾ ਨਿਵਾਸੀ ਸਾਜਨ ਸਿੰਘ, ਕੁਲਦੀਪ ਕੌਰ ਅਤੇ ਸੁੱਖਾ ਸਿੰਘ ਸਮੇਤ ਹੋਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਤਾਂ ਉਹ ਮਜਬੂਰਨ ਇਹ ਕਦਮ ਚੁੱਕਣਗੇ। ਹਾਲਾਂਕਿ ਮਾਮਲੇ ਦਾ ਦੂਜਾ ਪੱਖ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਰਿਹਾ ਹੈ।

ਵਾਰਡ ਦੀ ਕੌਂਸਲਰ ਦੇ ਪਤੀ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਬਸਤੀ ਵਿੱਚ ਨਸ਼ਾ ਤਸਕਰੀ ਹੋਣ ਸਬੰਧੀ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦੋ ਧਿਰਾਂ ਵਿਚਕਾਰ ਹੋਇਆ ਵਿਵਾਦ ਹੀ ਇਸ ਸਾਰੇ ਮਾਮਲੇ ਦੀ ਜੜ੍ਹ ਹੈ ਅਤੇ ਹੁਣ ਉਸੇ ਵਿਵਾਦ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੀ ਫਿਲਹਾਲ ਇਸ ਮਾਮਲੇ ਨੂੰ ਆਪਸੀ ਟਕਰਾਅ ਦੇ ਨਜ਼ਰੀਏ ਨਾਲ ਦੇਖ ਰਹੀ ਹੈ।

ਅਪਰਾਧ ਰੋਕੂ ਕਾਰਵਾਈ ਲਈ ਬੁਲਾਇਆ ਤਾਂ ਲਗਾਏ ਪੋਸਟਰ: ਡੀਐਸਪੀ

ਡੀਐਸਪੀ ਸੰਜੀਵ ਕੁਮਾਰ ਅਨੁਸਾਰ ਦੋਵਾਂ ਧਿਰਾਂ ਨੂੰ ਅਪਰਾਧ ਰੋਕੂ ਕਾਰਵਾਈ ਤਹਿਤ ਜ਼ਮਾਨਤਾਂ ਕਰਵਾਉਣ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਇੱਕ ਧਿਰ ਨੇ ਪੋਸਟਰ ਲਗਾ ਕੇ ਵਿਵਾਦ ਖੜ੍ਹਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ‘ਤੇ ਨਸ਼ਾ ਤਸਕਰੀ ਦੇ ਆਰੋਪ ਲਗਾਏ ਜਾ ਰਹੇ ਹਨ, ਉਸ ਨੂੰ ਜਨਵਰੀ ਮਹੀਨੇ ਵਿੱਚ ਸਿਰਫ਼ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਨਿਗਰਾਨੀ ਦੇ ਬਾਵਜੂਦ ਇਲਾਕੇ ਵਿੱਚ ਨਸ਼ਾ ਤਸਕਰੀ ਸਬੰਧੀ ਕੋਈ ਨਵੀਂ ਸ਼ਿਕਾਇਤ ਸਾਹਮਣੇ ਨਹੀਂ ਆਈ। ਸਿਰਫ਼ ਦੋਸ਼ਾਂ ਦੇ ਆਧਾਰ ‘ਤੇ ਕਿਸੇ ਨੂੰ ਨਸ਼ਾ ਤਸਕਰ ਕਰਾਰ ਨਹੀਂ ਦਿੱਤਾ ਜਾ ਸਕਦਾ ਅਤੇ ਪੁਲਿਸ ਤੱਥਾਂ ਦੇ ਆਧਾਰ ‘ਤੇ ਹੀ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here