ਭਰਾ ਨੇ ਜਾਇਦਾਦ ਦੇ ਵਿਵਾਦ ਨੂੰ ਪੂਰਾ ਕੀਤਾ: ਉਪਮੰਡਲ ਤਲਵੰਡੀ ਸਾਬੋ (Talwandi Sabo News) ਦੇ ਪਿੰਡ ਨੰਗਲਾ ਵਿੱਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਭਰਾ ਦੀ ਮੌਤ ਅਤੇ ਉਸ ਦਾ ਪੁੱਤਰ ਗੰਭੀਰ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੌਜਵਾਨ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਨੇ ਪੱਥਰਾਂ ਤੇ ਰੋੜਿਆਂ ਨਾਲ ਕੀਤਾ ਹਮਲਾ
ਮਾਮਲੇ ਸਬੰਧੀ ਜਖਮੀ ਹੋਏ ਮ੍ਰਿਤਕ ਮੇਜਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੰਗਲਾ ਨੇ ਦੱਸਿਆ ਕਿ ਸਾਡਾ ਮੇਰੇ ਤਾਏ ਅਤੇ ਚਚੇਰੇ ਭਰਾਵਾਂ ਨਾਲ ਜਮੀਨ ਦਾ ਝਗੜਾ ਚੱਲ ਰਿਹਾ ਸੀ ਤੇ 17 ਸਾਲਾਂ ਬਾਅਦ ਫੈਸਲਾ ਸਾਡੇ ਹੱਕ ਵਿੱਚ ਆਇਆ ਸੀ, ਜਿਸ ਤੋਂ ਬਾਅਦ ਸਾਡੇ ਹੱਕ ਵਿੱਚ ਇੰਤਕਾਲ ਹੋ ਗਿਆ ਸੀ। ਹੁਣ ਉਹ ਖਾਲ ਤੇ ਪਹੀਆਂ ਨਹੀਂ ਛੱਡਦੇ ਸਨ, ਜਿਸ ਨੂੰ ਲੈ ਕੇ ਅਸੀਂ ਪਿੰਡ ਦੇ ਸਰਪੰਚ ਕੋਲ ਗਏ। ਉਪਰੰਤ ਜਦੋਂ ਮੈਂ ਤੇ ਮੇਰਾ ਪਿਤਾ ਮੇਜਰ ਸਿੰਘ ਵਾਪਸ ਆਪਣੇ ਘਰ ਨੂੰ ਸਕੂਟਰੀ ‘ਤੇ ਆ ਰਹੇ ਸੀ ਤਾਂ ਮੇਰੇ ਤਾਏ ਅਤੇ ਚਚੇਰੇ ਭਰਾਵਾਂ ਨੇ ਰਸਤੇ ਵਿੱਚ ਸਾਨੂੰ ਘੇਰ ਕੇ ਸਾਡੇ ਰੋੜੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸਾਡੀ ਸਕੂਟਰੀ ਹੇਠ ਡਿੱਗ ਪਈ। ਇਸ ਦੌਰਾਨ ਮੇਰੇ ਪਿਤਾ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਸਿਰ ਵਿੱਚ ਇੱਕ ਪੱਥਰ ਵੱਜਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮੈਂ ਜ਼ਖਮੀ ਹੋ ਗਿਆ।
ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਹੈ, ਜਿਸ ਸਬੰਧੀ ਸਾਡੀ ਮੰਗ ਹੈ ਕਿ ਮੁਲਜ਼ਮਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿੰਨਾ ਸਮੇਂ ਤੱਕ ਸਾਡੇ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ‘ਤੇ ਕਾਰਵਾਈ ਨਹੀਂ ਹੁੰਦੀ, ਉਸ ਸਮੇਂ ਤੱਕ ਅਸੀਂ ਪੋਸਟਮਾਰਟਮ ਨਹੀਂ ਕਰਵਾਵਾਂਗੇ ਤੇ ਨਾ ਹੀ ਸੰਸਕਾਰ ਕਰਾਂਗੇ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਇਸ ਸਬੰਧੀ ਥਾਣਾ ਤਲਵੰਡੀ ਸਾਬੋ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲਾ ਵਿੱਚ ਜਮੀਨੀ ਵਿਵਾਦ ਵਿੱਚ ਹੋਈ ਲੜਾਈ ਵਿੱਚ ਇੱਕ ਦੀ ਮੌਤ ਅਤੇ ਇੱਕ ਜਖਮੀ ਹੋਇਆ ਹੈ, ਜਿਸ ਸਬੰਧੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ।