ਮੋਹਾਲੀ ‘ਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (PPCB) ਅਤੇ ਵੈਰਕਾ ਮਿਲਕ ਪਲਾਂਟ ਵੱਲੋਂ ਪਲਾਸਟਿਕ ਕਚਰੇ ਨੂੰ ਘਟਾਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਏਟੀਐਸ ਕਾਸਾ ਐਸਪਾਨਾ ਸੋਸਾਇਟੀ ਵਿੱਚ ਮੋਬਾਈਲ ਮਿਲਕ ਵੈਂਡਿੰਗ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਦਾ ਮਕਸਦ ਸਿੰਗਲ-ਯੂਜ਼ ਪਲਾਸਟਿਕ ਨਾਲ ਬਣਦੇ ਦੁੱਧ ਦੇ ਪਾਊਚਾਂ ਦੀ ਵਰਤੋਂ ਘਟਾਉਣਾ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ।
“ਦੁੱਧ ਉਹੀ, ਪਲਾਸਟਿਕ ਨਹੀਂ” ਮੁਹਿੰਮ ਤਹਿਤ ਮਿਲੇਗੀ ਛੂਟ
ਇਸ ਮੁਹਿੰਮ ਤਹਿਤ ਲੋਕ ਆਪਣੇ ਘਰੋਂ ਭਾਂਡਾ, ਬੋਤਲ ਜਾਂ ਹੋਰ ਕੋਈ ਕੰਟੇਨਰ ਲਿਆ ਕੇ ਵੈਂਡਿੰਗ ਵੈਨ ਤੋਂ ਤਾਜ਼ਾ ਵੈਰਕਾ ਦੁੱਧ ਖਰੀਦ ਸਕਣਗੇ। ਵੈਂਡਿੰਗ ਵੈਨ ਤੋਂ ਦੁੱਧ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਰੱਖੀ ਗਈ ਹੈ, ਜਦਕਿ ਪਲਾਸਟਿਕ ਪਾਊਚ ਵਿੱਚ ਮਿਲਣ ਵਾਲੇ ਦੁੱਧ ਦੀ ਕੀਮਤ 66 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਖਪਤਕਾਰਾਂ ਨੂੰ ਪ੍ਰਤੀ ਲੀਟਰ 2 ਰੁਪਏ ਦੀ ਬਚਤ ਵੀ ਹੋਵੇਗੀ।
ਇੱਕ ਪਰਿਵਾਰ ਸਾਲਾਨਾ 4 ਕਿਲੋ ਪਲਾਸਟਿਕ ਕਚਰਾ ਘਟਾ ਸਕਦਾ ਹੈ
ਵੈਂਡਿੰਗ ਮਸ਼ੀਨ ਦੀ ਸਮਰੱਥਾ ਲਗਭਗ 300 ਲੀਟਰ ਦੁੱਧ ਦੀ ਹੈ। ਜੇਕਰ ਇਹ ਪੂਰੀ ਸਮਰੱਥਾ ਨਾਲ ਚਲਦੀ ਹੈ ਤਾਂ ਕੇਵਲ ਇੱਕ ਰਿਹਾਇਸ਼ੀ ਸੋਸਾਇਟੀ ਵਿੱਚ ਹੀ ਹਰ ਰੋਜ਼ ਕਰੀਬ 600 ਪਲਾਸਟਿਕ ਪਾਊਚਾਂ ਦੀ ਵਰਤੋਂ ਰੋਕੀ ਜਾ ਸਕਦੀ ਹੈ। ਅਧਿਕਾਰੀਆਂ ਮੁਤਾਬਕ ਜੇ ਕੋਈ ਪਰਿਵਾਰ ਹਰ ਰੋਜ਼ 2 ਲੀਟਰ ਦੁੱਧ ਇਸ ਪ੍ਰਣਾਲੀ ਰਾਹੀਂ ਖਰੀਦਦਾ ਹੈ ਤਾਂ ਉਹ ਇੱਕ ਸਾਲ ਵਿੱਚ ਲਗਭਗ 4 ਕਿਲੋਗ੍ਰਾਮ ਪਲਾਸਟਿਕ ਕਚਰਾ ਪੈਦਾ ਹੋਣ ਤੋਂ ਬਚਾ ਸਕਦਾ ਹੈ।
ਸਫਲ ਹੋਣ ‘ਤੇ ਪੂਰੇ ਪੰਜਾਬ ਵਿੱਚ ਲਾਗੂ ਹੋਵੇਗੀ ਯੋਜਨਾ
ਪੀਪੀਸੀਬੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਕਾਂ ਦੀਆਂ ਆਦਤਾਂ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ। ਜੇਕਰ ਇਹ ਪਾਇਲਟ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਇਸਨੂੰ ਮੋਹਾਲੀ ਦੀਆਂ ਹੋਰ ਰਿਹਾਇਸ਼ੀ ਸੋਸਾਇਟੀਆਂ ਦੇ ਨਾਲ-ਨਾਲ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਇਸ ਲਈ ਵਾਧੂ ਮੋਬਾਈਲ ਵੈਂਡਿੰਗ ਵੈਨਾਂ ਜਾਂ ਵੈਰਕਾ ਦੇ ਮੌਜੂਦਾ ਵਿਕਰੀ ਕੇਂਦਰਾਂ ‘ਤੇ ਸਥਾਈ ਵੈਂਡਿੰਗ ਯੂਨਿਟ ਲਗਾਏ ਜਾ ਸਕਦੇ ਹਨ।
