ਜ਼ਿਲ੍ਹਾ ਅਦਾਲਤ ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਸੰਪਤੀ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਸਮਨਜੋਤ ਸਿੰਘ ਵੱਲੋਂ ਨਗਰ ਨਿਗਮ ਖ਼ਿਲਾਫ਼ ਕੀਤੇ ਕੇਸ ‘ਚ ਫੈਸਲੇ ਦੇ ਅਮਲ ਦੇ ਤੌਰ ‘ਤੇ ਕੀਤੀ ਗਈ ਹੈ।
ਸਮਨਜੋਤ ਸਿੰਘ ਨੂੰ 25 ਅਕਤੂਬਰ 2006 ਦੇ ਅਦਾਲਤੀ ਫੈਸਲੇ ਅਨੁਸਾਰ 3,85,738 ਰੁਪਏ ਦੀ ਰਕਮ ਦਿੱਤੀ ਜਾਣੀ ਸੀ, ਜਿਸ ‘ਚ ਮੁੱਖ ਰਕਮ 60,485 ਰੁਪਏ ਅਤੇ ਬਿਆਜ 3,25,253 ਰੁਪਏ ਸ਼ਾਮਲ ਹਨ। ਚੁਕਵੰਦਗੀ ਨਾ ਹੋਣ ਕਰਕੇ ਅਦਾਲਤ ਨੇ ਇਹ ਅਟੈਚਮੈਂਟ ਵਾਰੰਟ ਜਾਰੀ ਕੀਤਾ।
ਹੁਕਮ ਅਨੁਸਾਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਦੀ ਸੰਪਤੀ, ਜਿਸ ‘ਚ 20 ਫੈਨ, 30 ਕੁਰਸੀਆਂ, 4 ਕੂਲਰ, 3 ਏਸੀ, 10 ਅਲਮਾਰੀ, 5 ਮੇਜ਼, 4 ਕੰਪਿਊਟਰ, 3 ਪ੍ਰਿੰਟਰ ਅਤੇ ਹੋਰ ਦਫ਼ਤਰੀ ਸਾਮਾਨ ਸ਼ਾਮਲ ਹੈ, ਨੂੰ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ PB-11CL-7008 ਨੰਬਰ ਵਾਲੀ ਕਮਿਸ਼ਨਰ ਦੀ ਅਧਿਕਾਰਿਕ ਕਾਰ ਨੂੰ ਵੀ ਅਟੈਚ ਕੀਤਾ ਜਾਵੇਗਾ।ਕੋਰਟ ਨੇ ਬੇਲਿਫ਼ ਨੂੰ 23 ਜੁਲਾਈ 2025 ਤੱਕ ਵਾਰੰਟ ਦੀ ਕਾਰਵਾਈ ਦੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ।