ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਨੂੰ ਮਾਨਸਾ ਦੌਰੇ ਤੋਂ ਪਹਿਲਾਂ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਅਮਿਤ ਸ਼ਾਹ ਨੂੰ ਖ਼ਾਸ ਅਪੀਲ ਕੀਤੀ ਹੈ ਕਿ ਉਹ ਧਰਨੇ ਵਾਲੀ ਥਾਂ ’ਤੇ ਆਉਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।
ਭੀਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਉਨ੍ਹਾਂ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨਿੱਜੀ ਤੌਰ ’ਤੇ ਮਿਲ ਕੇ ਉਨ੍ਹਾਂ ਦੀ ਗੱਲ ਸੁਣ ਸਕਦੇ ਹਨ ਅਤੇ ਇਨਸਾਫ਼ ਦਿਵਾਉਣ ਲਈ ਕਦਮ ਚੁੱਕ ਸਕਦੇ ਹਨ।
ਪਰਿਵਾਰ ਦੀ ਵੀਡੀਓ ਕਲਿੱਪਾਂ ਸਾਂਝੀਆਂ ਨਾ ਕਰਨ ਦੀ ਅਪੀਲ
ਇਸ ਦੇ ਨਾਲ ਹੀ ਪਰਿਵਾਰ ਨੇ ਸੰਗਤ ਅਤੇ ਵੀਡੀਓ ਬਣਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬਿਆਨਾਂ ਨੂੰ ਕੱਟ-ਵੱਢ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਨਾ ਕੀਤਾ ਜਾਵੇ। ਪਰਵਿੰਦਰ ਝੋਟਾ ਦੀ ਪਤਨੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਰੋਜ਼ਾਨਾ ਸਟੇਜਾਂ ’ਤੇ ਬੋਲਣ ਦੇ ਆਦੀ ਨਹੀਂ ਹਨ। ਅਜਿਹੇ ਵਿੱਚ ਕਈ ਵਾਰ ਗੱਲਬਾਤ ਦੌਰਾਨ ਕੋਈ ਗੱਲ ਮੂੰਹੋਂ ਨਿਕਲ ਜਾਂਦੀ ਹੈ।
ਉਨ੍ਹਾਂ ਮੁਤਾਬਕ, ਜਦੋਂ ਕਿਸੇ ਬਿਆਨ ਦੀ ਛੋਟੀ ਜਿਹੀ ਵੀਡੀਓ ਕਲਿੱਪ ਕੱਟ ਕੇ ਸਾਂਝੀ ਕੀਤੀ ਜਾਂਦੀ ਹੈ ਤਾਂ ਗਲਤ ਸੰਦੇਸ਼ ਜਾਂਦਾ ਹੈ ਕਿ ਪਰਿਵਾਰ ਕਿਸੇ ਦਾ ਵਿਰੋਧ ਕਰ ਰਿਹਾ ਹੈ। ਪਰਿਵਾਰ ਨੇ ਸਾਰਿਆਂ ਨੂੰ ਅਜਿਹੀਆਂ ਕਲਿੱਪਾਂ ਸਾਂਝੀਆਂ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼-ਵਿਦੇਸ਼ ਤੋਂ ਮਿਲ ਰਹੇ ਸਾਥ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਵੱਖਰੇ ਸਟੈਂਡ
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਨੇ ਪਹਿਲਾਂ ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ, ਭੀਮ ਸਿੰਘ ਨੇ ਸ਼ਾਹ ਦੇ ਦੌਰੇ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।
ਭੀਮ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਕੇਂਦਰ ਸਰਕਾਰ ਤੋਂ ਹੈ ਅਤੇ ਜੇਕਰ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਧਰਨੇ ਵਾਲੀ ਥਾਂ ’ਤੇ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਾ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਆਰੋਪ ਲਾਇਆ ਕਿ ਸੰਘਰਸ਼ ਨਾਲ ਜੁੜੇ ਕੁਝ ਲੋਕ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਫ਼ੈਸਲੇ ਲੈ ਰਹੇ ਹਨ।
ਸੰਘਰਸ਼ ਕਮੇਟੀ ਵੱਲੋਂ ਮੁਲਾਕਾਤ ਦਾ ਵਿਰੋਧ
ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਆਪਣੇ ਪੰਜਾਬ ਦੌਰੇ ਦੌਰਾਨ ਮਾਨਸਾ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ, ਝੋਟਾ ਕਤਲ ਮਾਮਲੇ ਨਾਲ ਜੁੜੀ ਸੰਘਰਸ਼ ਕਮੇਟੀ ਨੇ ਅਮਿਤ ਸ਼ਾਹ ਦੇ ਮਾਨਸਾ ਦੌਰੇ ਅਤੇ ਪਰਿਵਾਰ ਨਾਲ ਪ੍ਰਸਤਾਵਿਤ ਮੁਲਾਕਾਤ ਦਾ ਵਿਰੋਧ ਕੀਤਾ ਹੈ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਧਰਨੇ ਦੇ ਮੰਚ ’ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਸਾਰੇ ਵਿਵਾਦ ਵਿਚਕਾਰ ਭੀਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਆਪਣੇ ਪੁੱਤਰ ਲਈ ਇਨਸਾਫ਼ ਹਾਸਲ ਕਰਨਾ ਹੈ। ਹੁਣ ਦੇਖਣਾ ਹੋਵੇਗਾ ਕਿ 20 ਅਕਤੂਬਰ ਨੂੰ ਅਮਿਤ ਸ਼ਾਹ ਦੇ ਮਾਨਸਾ ਦੌਰੇ ਦੌਰਾਨ ਪਰਿਵਾਰ ਨਾਲ ਮੁਲਾਕਾਤ ਹੁੰਦੀ ਹੈ ਜਾਂ ਨਹੀਂ।
