Home ਪੰਜਾਬ ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ...

ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ

0
1061

 

ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸੀਜ਼ਨ ਪੂਰੇ ਜ਼ੋਰਾਂ ‘ਤੇ ਹੈ, ਜਿਸ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਬੀਤੇ ਦਿਨ ਪੰਜਾਬ ਵਿੱਚ ਬਿਜਲੀ ਦੀ ਮੰਗ 17,147 ਮੈਗਾਵਾਟ ਤੱਕ ਪਹੁੰਚ ਗਈ, ਜੋ ਇਸ ਸੀਜ਼ਨ ਦਾ ਸਭ ਤੋਂ ਉੱਚਾ ਅੰਕੜਾ ਹੈ।

ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਆਪਣੇ ਸਰੋਤਾਂ ਤੋਂ ਸਿਰਫ਼ 5,788 ਮੈਗਾਵਾਟ ਬਿਜਲੀ ਹੀ ਪੈਦਾ ਕਰ ਰਿਹਾ ਹੈ, ਜਦਕਿ ਬਾਕੀ 11,359 ਮੈਗਾਵਾਟ ਬਿਜਲੀ ਬਾਹਰੀ ਸਰੋਤਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਵਿੱਚੋਂ 10,594 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲਈ ਜਾ ਰਹੀ ਹੈ। ਜੇਕਰ ਪਿਛਲੇ ਸਾਲਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। 29 ਜੂਨ 2025 ਨੂੰ ਇਹ ਮੰਗ 15,421 ਮੈਗਾਵਾਟ ਸੀ, ਜਦਕਿ 29 ਜੂਨ 2024 ਨੂੰ ਇਹ 16,083 ਮੈਗਾਵਾਟ ਦਰਜ ਕੀਤੀ ਗਈ ਸੀ। ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ ਇਸ ਵਾਰ ਬਿਜਲੀ ਦੀ ਖਪਤ ਪਹਿਲਾਂ ਨਾਲੋਂ ਕਾਫ਼ੀ ਵੱਧ ਗਈ ਹੈ।

ਗਰਮੀ ਅਤੇ ਝੋਨੇ ਦੀ ਲੁਆਈ ਨੇ ਵਧਾਈ ਖਪਤ

ਭਿਆਨਕ ਗਰਮੀ ਅਤੇ ਝੋਨੇ ਦੀ ਲੁਆਈ ਦਾ ਸੀਜ਼ਨ ਬਿਜਲੀ ਦੀ ਵਧਦੀ ਮੰਗ ਦੇ ਮੁੱਖ ਕਾਰਨ ਹਨ। ਖੇਤਾਂ ਵਿੱਚ ਪਾਣੀ ਭਰਨ ਅਤੇ ਝੋਨਾ ਲਗਾਉਣ ਲਈ ਕਿਸਾਨ ਟਿਊਬਵੈੱਲ ਮੋਟਰਾਂ ਦੀ ਵੱਡੇ ਪੱਧਰ ‘ਤੇ ਵਰਤੋਂ ਕਰ ਰਹੇ ਹਨ, ਜਿਸ ਨਾਲ ਬਿਜਲੀ ਦੀ ਖਪਤ ਵਿੱਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਕਿਸਾਨਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਗਰਮੀ ਕਾਰਨ ਘਰਾਂ ਵਿੱਚ ਏਅਰ ਕੰਡੀਸ਼ਨਰ, ਕੂਲਰ, ਫ੍ਰਿਜ ਅਤੇ ਪੱਖਿਆਂ ਦੀ ਵਰਤੋਂ ਵੀ ਵਧ ਗਈ ਹੈ। ਉਦਯੋਗਿਕ ਖੇਤਰ ਵਿੱਚ ਵੀ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਨਾਲ ਪਾਵਰ ਗ੍ਰਿਡ ‘ਤੇ ਦਬਾਅ ਹੋਰ ਵਧ ਗਿਆ ਹੈ।

ਮੌਨਸੂਨ ਤੋਂ ਰਾਹਤ ਦੀ ਉਮੀਦ

ਬਿਜਲੀ ਵਿਭਾਗ ਦੀ ਨਜ਼ਰ ਹੁਣ ਮੌਸਮ ਦੀ ਸਥਿਤੀ ‘ਤੇ ਟਿਕੀ ਹੋਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਂਦਾ ਹੈ ਤਾਂ ਬਿਜਲੀ ਦੀ ਮੰਗ ਵਿੱਚ ਕੁਝ ਕਮੀ ਆ ਸਕਦੀ ਹੈ। ਝੋਨੇ ਦੀ ਫ਼ਸਲ ਲਈ ਵੀ ਕਿਸਾਨ ਮੌਨਸੂਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਚੰਗੀ ਬਾਰਿਸ਼ ਨਾਲ ਟਿਊਬਵੈੱਲਾਂ ‘ਤੇ ਨਿਰਭਰਤਾ ਘਟੇਗੀ ਅਤੇ ਬਿਜਲੀ ਦੀ ਖਪਤ ਵੀ ਘੱਟ ਹੋਵੇਗੀ। ਮੌਸਮ ਵਿਭਾਗ ਅਨੁਸਾਰ ਮੌਨਸੂਨ ਇਸ ਵਾਰ ਆਪਣੇ ਆਮ ਸਮੇਂ ਨਾਲੋਂ ਕੁਝ ਦੇਰ ਨਾਲ ਅੱਗੇ ਵੱਧ ਰਿਹਾ ਹੈ। ਅਨੁਮਾਨ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਦੌਰਾਨ ਮੌਨਸੂਨ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ। ਇਸ ਤੋਂ ਪਹਿਲਾਂ 1 ਤੋਂ 3 ਜੁਲਾਈ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰੀ-ਮੌਨਸੂਨ ਗਤੀਵਿਧੀਆਂ ਦੇ ਚੱਲਦਿਆਂ ਬੱਦਲ ਗਰਜਣ, ਬਿਜਲੀ ਚਮਕਣ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here

Exit mobile version