ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬੁੱਧਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਸਕੱਤਰ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਅਤੇ ਇਸ ਲਈ ਯੂਨੀਅਨ ਨੇ 14 ਅਗਸਤ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਕਾਰਨ ਸੂਬੇ ਭਰ ਵਿੱਚ ਪਨਬਸ, ਰੋਡਵੇਜ਼ ਅਤੇ ਪੀਆਰਟੀਸੀ ਦੇ ਆਰਜ਼ੀ ਕਰਮਚਾਰੀ ਹੜਤਾਲ ‘ਤੇ ਰਹਿਣਗੇ ਅਤੇ ਬੱਸਾਂ ਬੰਦ ਰਹਿਣਗੀਆਂ। ਅਜੇ ਵੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਤਿੰਨ ਮੰਗਾਂ ਤੇ ਸਹਿਮਤੀ ਬਣਨ ਤੋਂ ਬਾਅਦ ਵੀ ਸਰਕਾਰ ਵੱਲੋਂ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਬੀਤੀ ਰਾਤ ਯੂਨੀਅਨ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਹੋਈ। ਇਸ ਮੀਟਿੰਗ ’ਚ ਠੇਕਾ ਮੁਲਾਜ਼ਮਾਂ ਦੀਆਂ ਤਿੰਨ ਮੰਗਾਂ ’ਤੇ ਸਹਿਮਤੀ ਬਣੀ। ਯੂਨੀਅਨ ਨੇ ਕਿਹਾ ਕਿ ਮੰਨੀਆਂ ਗਈਆਂ ਮੰਗਾਂ ਦੀ ਚਿੱਠੀ ਜਾਰੀ ਕੀਤੀ ਜਾਵੇ ਇਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਹੜਤਾਲ ਖਤਮ ਕੀਤੀ ਜਾਵੇਗੀ।
ਫਿਲਹਾਲ ਪੰਜਾਬ ’ਚ ਅੱਜ ਵੀ ਬੱਸਾਂ ਦਾ ਚੱਕਾ ਜਾਮ ਰਹੇਗਾ। ਜਿਸ ਕਾਰਨ ਆਮ ਲੋਕਾਂ ਨੂੰ ਤਿਉਹਾਰ ਵਾਲੇ ਦਿਨ ਵੀ ਕਾਫੀ ਖੱਜਲ ਖੁਆਰ ਹੋਣਾ ਪਵੇਗਾ। ਕਾਬਿਲੇਗੌਰ ਹੈ ਕਿ 7 ਅਗਸਤ ਨੂੰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਦੋ ਘੰਟੇ ਦੀ ਹੜਤਾਲ ਕੀਤੀ ਸੀ। ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ 13 ਅਗਸਤ ਨੂੰ ਮੀਟਿੰਗ ਲਈ ਬੁਲਾਇਆ ਸੀ।
ਇਸ ਤੋਂ ਬਾਅਦ, ਬੁੱਧਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਸਕੱਤਰ ਨਾਲ ਯੂਨੀਅਨ ਦੀ ਮੀਟਿੰਗ ਬੇਸਿੱਟਾ ਰਹੀ ਅਤੇ ਪਹਿਲਾਂ ਐਲਾਨੇ ਗਏ ਸੰਘਰਸ਼ ਦੇ ਹਿੱਸੇ ਵਜੋਂ, ਯੂਨੀਅਨ ਨੇ 14 ਅਗਸਤ ਤੋਂ ਸੂਬੇ ਭਰ ਦੇ ਸਾਰੇ ਡਿਪੂ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।