Home ਚੰਡੀਗੜ੍ਹ ਪੰਜਾਬ ‘ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ...

ਪੰਜਾਬ ‘ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ

0
1009
ਪੰਜਾਬ 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ

ਪੰਜਾਬ ਸਰਕਾਰ ਦੇ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਦੌਰਾਨ ਸੂਬੇ ਦੇ ਲੋਕਾਂ ਨੂੰ ਬੱਸ ਹੜਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ (PRTC) ਕੰਟਰੈਕਟ ਵਰਕਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।

ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦੇ ਆਰੋਪ ਲਗਾਏ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ 3 ਤੋਂ 5 ਅਗਸਤ ਤੱਕ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਡਿਪੂਆਂ ‘ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ।

2267 ਸਰਕਾਰੀ ਬੱਸਾਂ ਅਤੇ 1100 ਤੋਂ ਵੱਧ ਰੂਟ ਹੋਣਗੇ ਪ੍ਰਭਾਵਿਤ

ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ (ਪੰਜਾਬ ਰੋਡਵੇਜ਼, ਪਨਬੱਸ ਅਤੇ PRTC) ਕੋਲ ਇਸ ਵੇਲੇ ਕੁੱਲ 2,267 ਸਰਕਾਰੀ ਬੱਸਾਂ ਹਨ, ਜੋ ਪੰਜਾਬ ਦੇ ਅੰਦਰ ਅਤੇ ਹੋਰ ਰਾਜਾਂ ਸਮੇਤ 1,100 ਤੋਂ ਵੱਧ ਮੁੱਖ ਰੂਟਾਂ ‘ਤੇ ਸੇਵਾ ਦੇ ਰਹੀਆਂ ਹਨ। ਇਨ੍ਹਾਂ ਵਿੱਚੋਂ ਪਨਬੱਸ ਦੀਆਂ ਬੱਸਾਂ ਰੋਜ਼ਾਨਾ ਕਰੀਬ 4 ਲੱਖ ਕਿਲੋਮੀਟਰ ਅਤੇ PRTC ਦੀਆਂ ਬੱਸਾਂ ਲਗਭਗ 3.5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ।

ਇਸ ਤਰ੍ਹਾਂ ਕੁੱਲ ਮਿਲਾਕੇ ਰੋਜ਼ਾਨਾ 7.5 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਹੁੰਦਾ ਹੈ। ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ 18 ਮੁੱਖ ਡਿਪੂ, ਜਦਕਿ PRTC ਦੇ 9 ਡਿਪੂ ਹਨ। ਇਨ੍ਹਾਂ ਵਿੱਚ 7,500 ਤੋਂ ਵੱਧ ਮੁਲਾਜ਼ਮ ਸੇਵਾਵਾਂ ਨਿਭਾ ਰਹੇ ਹਨ। ਹੜਤਾਲ ਹੋਣ ਦੀ ਸੂਰਤ ਵਿੱਚ ਸੂਬੇ ਭਰ ਦੇ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

LEAVE A REPLY

Please enter your comment!
Please enter your name here