ਅੰਮ੍ਰਿਤਸਰ ਵਿੱਚ 6-7 ਅਗਸਤ ਦੀ ਰਾਤ ਨੂੰ ਤਿੰਨ ਥਾਵਾਂ ‘ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸਿਰਫ਼ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ‘ਤੇ ਕੰਮ ਕਰਵਾਉਣ ਤੋਂ ਬਾਅਦ ਵੀ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਹੈ।
ਜਾਣਕਾਰੀ ਅਨੁਸਾਰ, ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਹਰਕਤ ਨੂੰ ਟਰੈਕ ਕੀਤਾ ਅਤੇ 24 ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਫੜ ਲਿਆ। ਦੋਵੇਂ ਮੁਲਜ਼ਮ ਗੁਰਦਾਸਪੁਰ ਦੇ ਬਟਾਲਾ ਦੇ ਦਰਗਾਬਾਦ ਪਿੰਡ ਦੇ ਰਹਿਣ ਵਾਲੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਦੇ ਸੰਪਰਕ ਵਿੱਚ ਸਨ। ਸ਼ੇਰਾ ਮਾਨ ਨੇ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਨਿਰਦੇਸ਼ਾਂ ‘ਤੇ ਇਹ ਕੰਮ ਕਰਨ ਲਈ ਕਿਹਾ ਸੀ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਨਾਅਰੇ ਲਿਖਣ ਲਈ ਡਿਜ਼ਾਈਨ ਅਤੇ ਨਿਰਦੇਸ਼ ਸਨੈਪਚੈਟ ਰਾਹੀਂ ਭੇਜੇ ਗਏ ਸਨ। ਇਹ ਦੇਖਣ ਤੋਂ ਬਾਅਦ, ਮੁਲਜ਼ਮਾਂ ਨੇ ਸ਼ਿਵਾਲਾ ਬਾਗ ਭਾਈਆਂ, ਖਾਲਸਾ ਕਾਲਜ ਅਤੇ ਕਚਹੇੜੀ ਕੰਪਲੈਕਸ ਵਿੱਚ ਨਾਅਰੇ ਲਿਖੇ ਸਨ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਨੇ ਸ਼ੇਰਾ ਰਾਹੀਂ ਉਨ੍ਹਾਂ ਨੂੰ ਪੈਸੇ ਦੇਣ ਦਾ ਲਾਲਚ ਦੇਕੇ ਫਸਾਇਆ ਸੀ। ਇਸ ਕੰਮ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਜਾਣੇ ਸਨ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਿਵੇਂ ਹੀ ਉਹ ਨਾਅਰੇ ਲਿਖਣ ਦੀ ਵੀਡੀਓ ਭੇਜਣਗੇ, ਉਨ੍ਹਾਂ ਨੂੰ ਪੈਸੇ ਮਿਲ ਜਾਣਗੇ। ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ।
ਡੀਜੀਪੀ ਪੰਜਾਬ ਗੌਰਵ ਯਾਦਵ ਦਾ ਕਹਿਣਾ ਹੈ ਕਿ ਘਟਨਾ ਦੇ ਸਬੰਧ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਪੁਲਿਸ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ।