ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਉਪਰੰਤ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਲਗਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ 58 ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 31 ਜੁਲਾਈ ਨੂੰ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕਰਨਗੇ। ਸ੍ਰੀ ਮਾਨ ਨੇ ਕਿਹਾ ਕਿ ਉਹ ਨਵੇਂ ਰਾਜਪਾਲ ਨਾਲ ਮਿਲ ਕੇ ਕੰਮ ਕਰਨਗੇ, ਜਿਸ ਨਾਲ ਪੰਜਾਬ ਦੇ ਹਿੱਤ ਵਿੱਚ ਕਈ ਅਹਿਮ ਫ਼ੈਸਲੇ ਲਏ ਜਾ ਸਕਣਗੇ।
ਸ੍ਰੀ ਮਾਨ ਨੇ ਆਸ ਪ੍ਰਗਟਾਈ ਕਿ ਹੁਣ ਪੰਜਾਬ ਸਰਕਾਰ ਅਤੇ ਰਾਜਪਾਲ ਦੇ ਅਹੁਦੇ, ਦੋਵਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਦੇ ਸੁਚਾਰੂ ਕੰਮ-ਕਾਜ ਵਿੱਚ ਬੇਲੋੜੀ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਜੇ ਉਨ੍ਹਾਂ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਨਾ ਕੀਤੀ ਹੁੰਦੀ ਤਾਂ ਦੋਵਾਂ ਵਿਚਕਾਰ ਕੋਈ ਸਮੱਸਿਆ ਨਹੀਂ ਖੜ੍ਹੀ ਹੋਣੀ ਸੀ। ਉਨ੍ਹਾਂ ਕਿਹਾ ‘ਸਾਬਕਾ ਰਾਜਪਾਲ ਨਾਲ ਮੇਰੇ ਕੋਈ ਨਿੱਜੀ ਮਤਭੇਦ ਨਹੀਂ ਸਨ, ਉਹ ਮੇਰੇ ਬਜ਼ੁਰਗ ਵਾਂਗ ਹਨ।
ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ, ਹਮੇਸ਼ਾ ਉਨ੍ਹਾਂ ਦੇ ਪੈਰੀਂ ਹੱਥ ਲਗਾਉਂਦਾ ਹਾਂ।’ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਰਾਜਪਾਲ ਵੱਲੋਂ ਸੂਬਾ ਸਰਕਾਰ ਦੇ ਬਰਾਬਰ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਰਕੇ ਉਨ੍ਹਾਂ ਦੇ ਕੰਮ-ਕਾਜ ਵਿੱਚ ਰੁਕਾਵਟ ਪੈਦਾ ਹੋਈ। ਉਨ੍ਹਾਂ ਕਿਹਾ ਕਿ ਸਾਬਕਾ ਰਾਜਪਾਲ ਵੱਲੋਂ ਸਰਹੱਦੀ ਖੇਤਰ ਦਾ ਦੌਰਾ ਕਰਨ ਸਮੇਂ ਮੁੱਖ ਸਕੱਤਰ ਤੇ ਡੀਜੀਪੀ ਉਨ੍ਹਾਂ ਦੇ ਨਾਲ ਚਲੇ ਗਏ ਜਦਕਿ ਦੂਜੇ ਪਾਸੇ ਜਲੰਧਰ ਵਿੱਚ ਲੋਕ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਮੁੱਖ ਸਕੱਤਰ ਤੇ ਡੀਜੀਪੀ ਦੀ ਗੈਰ-ਹਾਜ਼ਰੀ ਕਰਕੇ ਉਨ੍ਹਾਂ ਦੇ ਕੰਮ-ਕਾਜ ਵਿੱਚ ਰੁਕਾਵਟ ਖੜ੍ਹੀ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਅਤੇ ਬਾਅਦ ਵਿੱਚ ਮਨਜ਼ੂਰੀ ਦੇਣ ਲਈ ਸੈਸ਼ਨ ਨੂੰ ਗੈਰ-ਵਾਜਬ ਕਰਾਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਆਜ਼ਾਦੀ ਅਤੇ ਜਮਹੂਰੀਅਤ, ਦੋਵੇਂ ਖ਼ਤਰੇ ਵਿੱਚ ਹਨ ਕਿਉਂਕਿ ਕੇਂਦਰ ਸਰਕਾਰ ਗੈਰ-ਭਾਜਪਾ ਸ਼ਾਸਤ ਸੂਬਾ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਕੇ ਇਨ੍ਹਾਂ ਨੂੰ ਭੰਗ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਰਾਸ਼ਟਰਪਤੀ ਵੱਲੋਂ ਨੌਂ ਨਵੇਂ ਰਾਜਪਾਲਾਂ ਦੀ ਨਿਯੁਕਤੀ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨੌਂ ਸੂਬਿਆਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ ਜਦਕਿ ਪੁੱਡੂਚੇਰੀ ਵਿੱਚ ਨਵਾਂ ਉਪ ਰਾਜਪਾਲ ਲਾਇਆ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਹਰੀਭਊ ਕਿਸਨਰਾਓ ਬਾਗੜੇ ਨੂੰ ਰਾਜਸਥਾਨ ਅਤੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਜਿਸ਼ਨੂੰ ਦੇਵ ਵਰਮਾ ਨੂੰ ਤਿਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਰਾਜ ਸਭਾ ਦੇ ਸਾਬਕਾ ਐੱਮਪੀ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਿਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਜਦਕਿ ਆਸਾਮ ਤੋਂ ਸਾਬਕਾ ਲੋਕ ਸਭਾ ਐੱਮਪੀ ਰਮਨ ਦੇਕਾ ਨੂੰ ਛੱਤੀਸਗੜ੍ਹ ਦਾ ਰਾਜਪਾਲ ਲਾਇਆ ਗਿਆ ਹੈ।
ਕਰਨਾਟਕ ਦੇ ਸਾਬਕਾ ਮੰਤਰੀ ਸੀਐੱਚ ਵਿਜੈਸ਼ੰਕਰ ਨੂੰ ਮੇਘਾਲਿਆ ਤੇ ਝਾਰਖੰਡ ਦੇ ਮੌਜੂਦਾ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਮਹਾਰਾਸ਼ਟਰ ਦਾ ਰਾਜਪਾਲ ਲਾਇਆ ਗਿਆ ਹੈ। ਆਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਤੇ ਯੂਟੀ ਚੰਡੀਗੜ੍ਹ ਦਾ ਪ੍ਰਸ਼ਾਸਕ ਲਾਇਆ ਗਿਆ ਹੈ। ਸਿੱਕਿਮ ਦੇ ਰਾਜਪਾਲ ਲਕਸ਼ਮਨ ਪ੍ਰਸਾਦ ਆਚਾਰਿਆ ਨੂੰ ਆਸਾਮ ਦੇ ਰਾਜਪਾਲ ਤੋਂ ਇਲਾਵਾ ਮਨੀਪੁਰ ਦੇ ਰਾਜਪਾਲ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਆਈਏਐੱਸ ਅਧਿਕਾਰੀ ਕੇ. ਕੈਲਾਸ਼ਨਾਥਨ ਨੂੰ ਪੁੱਡੂਚੇਰੀ ਦਾ ਲੈਫਟੀਨੈਂਟ ਗਵਰਨਰ ਲਾਇਆ ਗਿਆ ਹੈ। -ਆਈਏਐੱਨਐੱਸ
ਪੁਰੋਹਿਤ ਦਾ ਕਾਰਜਕਾਲ ਵਿਵਾਦਾਂ ’ਚ ਘਿਰਿਆ ਰਿਹਾ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਸੂਬਾ ਸਰਕਾਰ ਵਿਚਕਾਰ ਕਈ ਵਾਰ ਵਿਵਾਦ ਛਿੜਿਆ ਰਿਹਾ। ਪਹਿਲਾਂ ਰਾਜਪਾਲ ਨੇ ਸੂਬਾ ਸਰਕਾਰ ਨੂੰ ਬਜਟ ਸੈਸ਼ਨ ਸੱਦਣ ਦੀ ਪ੍ਰਵਾਨਗੀ ਨਹੀਂ ਦਿੱਤੀ, ਜਿਸ ਕਰਕੇ ਸੂਬਾ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ। ਕਈ ਵਾਰ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲਾਂ ਨੂੰ ਰੋਕਿਆ ਗਿਆ, ਜਿਸ ਕਰਕੇ ਵੀ ਰਾਜਪਾਲ ਤੇ ਸੂਬਾ ਸਰਕਾਰ ਵਿੱਚ ਤਕਰਾਰ ਪੈਦਾ ਹੋਈ। ਇਸ ਤੋਂ ਇਲਾਵਾ ਰਾਜਪਾਲ ਵੱਲੋਂ ਸੂਬੇ ਦੇ ਸਰਹੱਦੀ ਖੇਤਰ ਦਾ ਦੌਰਾ ਕੀਤੇ ਜਾਣਾ ਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਣਾ ਵੀ ਵਿਵਾਦ ਦਾ ਵੱਡਾ ਕਾਰਨ ਬਣਿਆ ਰਿਹਾ।
ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ 31 ਨੂੰ ਚੁੱਕਣਗੇ ਸਹੁੰ
ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ 31 ਜੁਲਾਈ ਨੂੰ ਸਹੁੰ ਚੁੱਕੀ ਜਾਵੇਗੀ। ਸ੍ਰੀ ਕਟਾਰੀਆ ਪੰਜਾਬ ਦੇ ਰਾਜਪਾਲ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਸੰਭਾਲਣਗੇ। ਉਨ੍ਹਾਂ ਨੂੰ ਫਰਵਰੀ 2023 ਵਿੱਚ ਆਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਜਾਣਕਾਰੀ ਅਨੁਸਾਰ ਗੁਲਾਬ ਚੰਦ ਕਟਾਰੀਆ ਸ਼ੁਰੂ ਤੋਂ ਆਰਐੱਸਐੱਸ ਨਾਲ ਜੁੜੇ ਰਹੇ ਹਨ ਜਿਨ੍ਹਾਂ ਨੇ ਹੁਣ ਤੱਕ 11 ਵਾਰ ਚੋਣਾਂ ਲੜੀਆਂ ਅਤੇ 9 ਵਾਰ ਜਿੱਤ ਪ੍ਰਾਪਤ ਕੀਤੀ ਸੀ।