ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ‘ਚ ਇੱਕ ਔਰਤ ਨੇ ਆਪਣੇ ਸਮਲਿੰਗੀ ਪਤੀ ਤੋਂ ਪਰੇਸ਼ਾਨ ਹੋ ਕੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰੀਨਾ ਕੌਰ (35) ਵਜੋਂ ਹੋਈ ਹੈ ਤੇ ਉਸ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਉਸ ਦੇ ਪਤੀ, ਨਨਦ ਤੇ ਇੱਕ ਹੋਰ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਾਘਾਪੁਰਾਣਾ (ਮੋਗਾ) ਦੇ ਪਿੰਡ ਗੱਜਣਵਾਲਾ ਦੇ ਵਸਨੀਕ ਸਾਧੂ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰੀਨਾ ਕੌਰ ਦਾ ਵਿਆਹ 2015 ਵਿੱਚ ਕੋਟਕਪੂਰਾ ਦੇ ਰਹਿਣ ਵਾਲੇ ਸੋਨੂੰ ਸਿੰਘ ਨਾਲ ਹੋਇਆ ਸੀ। ਉਸ ਦੀ ਲੜਕੀ ਨੂੰ ਜਦੋਂ ਲੜਕਾ ਹੋਇਆ ਤਾਂ ਉਹ ਆਪਣੇ ਪਤੀ ਨਾਲ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਈ ਸੀ ਤਾਂ ਕੋਟਕਪੂਰਾ ਦਾ ਰਹਿਣ ਵਾਲਾ ਅਨਮੋਲ ਉਰਫ਼ ਜਗਵਿੰਦਰ ਸਿੰਘ ਨਾਂਅ ਦਾ ਨੌਜਵਾਨ ਵੀ ਉਸ ਦੇ ਪਤੀ ਨਾਲ ਗਿਆ ਸੀ।
ਉੱਥੇ ਜਾ ਕੇ ਉਸ ਨੂੰ ਆਪਣੇ ਪਤੀ ਦੇ ਅਨਮੋਲ ਨਾਲ ਸਮਲਿੰਗੀ ਸਬੰਧਾਂ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਅਨਮੋਲ ਨੇ ਘਰ ਵੀ ਆਉਣਾ-ਜਾਣਾ ਸ਼ੁਰੂ ਹੋ ਗਿਆ, ਜਿਸ ਦਾ ਰੀਨਾ ਕੌਰ ਵਿਰੋਧ ਕਰਦੀ ਸੀ ਪਰ ਉਸ ਦੇ ਪਤੀ ਤੇ ਨਨਦ ਨੇ ਇਕ ਨਾ ਸੁਣੀ, ਸਗੋਂ ਉਸ ‘ਤੇ ਘਰ ਛੱਡਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।
ਇਸ ਗੱਲ ਨੂੰ ਲੈ ਕੇ ਘਰ ‘ਚ ਤਕਰਾਰ ਸ਼ੁਰੂ ਹੋ ਗਿਆ ਤੇ ਇਸ ਤੋਂ ਤੰਗ ਆ ਕੇ ਰੀਨਾ ਕੌਰ ਨੇ ਘਰ ਦੇ ਕਮਰੇ ‘ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਔਰਤ ਦੇ ਪਤੀ ਸੋਨੂੰ ਸਿੰਘ, ਨਨਦ ਤੇ ਇੱਕ ਹੋਰ ਨੌਜਵਾਨ ਅਨਮੋਲ ਉਰਫ਼ ਜਗਵਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।