ਪੰਜਾਬ ‘ਚ GMADA ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ED ਵੱਲੋਂ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿੱਚ ਕਈ ਥਾਵਾਂ ’ਤੇ ਸਰਚ ਅਤੇ ਸਰਵੇ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਲੁਧਿਆਣਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਅਨਮੋਲ ਉਰਫ਼ ਪ੍ਰਿੰਸ ਦੇ ਘਰ ਵੀ ED ਦੀ ਟੀਮ ਪਹੁੰਚੀ ਹੈ।
ਇਸੇ ਮਾਮਲੇ ਵਿੱਚ ਚੰਡੀਗੜ੍ਹ ਸਥਿਤ ਪੰਜਾਬ ਦੇ ਸੀਨੀਅਰ IAS ਅਧਿਕਾਰੀ ਅਤੇ GMADA ਦੇ ਸਾਬਕਾ ਚੀਫ਼ ਐਡਮਿਨਿਸਟ੍ਰੇਟਰ ਰਾਜੀਵ ਗੁਪਤਾ ਦੇ ਘਰ ਵੀ ED ਵੱਲੋਂ ਤਲਾਸ਼ੀ ਲਈ ਜਾ ਰਹੀ ਹੈ।
ED ਦੀ ਇਹ ਕਾਰਵਾਈ Tirupati Infraprojects Pvt. Ltd. ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਦੱਸੀ ਜਾ ਰਹੀ ਹੈ। 22 ਸਤੰਬਰ ਨੂੰ ਦਿੱਲੀ, ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਲੁਧਿਆਣਾ ਸਮੇਤ 26 ਥਾਵਾਂ ’ਤੇ ਕਾਰਵਾਈ ਕੀਤੀ ਗਈ ਸੀ।
ਜਾਂਚ ਦਾ ਕੇਂਦਰ GMADA ਦੀਆਂ ਦੋ ਨੀਲਾਮੀ ਵਾਲੀਆਂ ਪ੍ਰਮੁੱਖ ਸਾਈਟਾਂ ਨਾਲ ਜੁੜੇ ਕਥਿਤ ਵਿੱਤੀ ਲਾਭ ਅਤੇ ਬਕਾਇਆ ਰਕਮ ਵਿੱਚ ਦਿੱਤੀ ਗਈ ਰਾਹਤ ਹੈ। ED ਅਧਿਕਾਰੀਆਂ ਮੁਤਾਬਕ ਇਸ ਨਾਲ ਸਬੰਧਤ ਕੰਪਨੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਕਥਿਤ ਲਾਭ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਣ ਦਾ ਸ਼ੱਕ ਹੈ।
ਮੋਹਾਲੀ ਦੇ ਫੇਜ਼-8 ਸਥਿਤ GMADA ਦਫ਼ਤਰ ਵਿੱਚ ਵੀ ED ਦੀ ਕਾਰਵਾਈ ਜਾਰੀ ਹੈ। ਰਿਪੋਰਟਾਂ ਮੁਤਾਬਕ ਦਫ਼ਤਰ ਦੇ ਕੁਝ ਹਿੱਸੇ ਸੀਲ ਕੀਤੇ ਗਏ ਅਤੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਸਵਾਲ ਚੁੱਕੇ ਜਾ ਰਹੇ ਹਨ, ਜਦਕਿ AAP ਵੱਲੋਂ ਕੇਂਦਰੀ ਏਜੰਸੀਆਂ ਦੀ ਕਾਰਵਾਈ ਨੂੰ ਲੈ ਕੇ ਸਿਆਸੀ ਦਬਾਅ ਦੇ ਆਰੋਪ ਲਗਾਏ ਗਏ ਹਨ।
ਫਿਲਹਾਲ ED ਵੱਲੋਂ ਇਸ ਕਾਰਵਾਈ ਵਿੱਚ ਕਿਸੇ ਗ੍ਰਿਫ਼ਤਾਰੀ ਜਾਂ ਅੰਤਿਮ ਨਤੀਜੇ ਦੀ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ। ਜਾਂਚ ਅਤੇ ਦਸਤਾਵੇਜ਼ਾਂ ਦੀ ਪੜਤਾਲ ਤੋਂ ਬਾਅਦ ਹੀ ਮਾਮਲੇ ਦੀ ਅਗਲੀ ਤਸਵੀਰ ਸਪਸ਼ਟ ਹੋਵੇਗੀ।








