ਮੋਹਾਲੀ ਦੇ ਜ਼ੀਰਕਪੁਰ ਵਿੱਚ ਰਹਿ ਰਹੀ ਹਰਿਆਣਵੀ ਯੂਟਿਊਬਰ ਪਾਇਲ ਮਲਿਕ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਪਾਇਲ ਮਲਿਕ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ Airbnb ਚੱਲ ਰਿਹਾ ਹੈ, ਜਿੱਥੇ ਦੇਰ ਰਾਤ ਤੱਕ ਲੜਕੇ-ਲੜਕੀਆਂ ਆਉਂਦੇ ਹਨ ਅਤੇ ਤੇਜ਼ ਆਵਾਜ਼ ਵਿੱਚ ਮਿਊਜ਼ਿਕ ਤੇ ਪਾਰਟੀਆਂ ਹੁੰਦੀਆਂ ਹਨ।
ਉਨ੍ਹਾਂ ਨੇ ਇਹ ਵੀ ਆਰੋਪ ਲਾਇਆ ਕਿ ਉਨ੍ਹਾਂ ਦੇ ਘਰ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਪਾਇਲ ਮੁਤਾਬਕ, ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਧਮਕੀ ਭਰੀ ਕਾਲ ਵੀ ਆਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ। ਪਾਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਮਾਮਲੇ ਵਿੱਚ ਦਖਲ ਦੇ ਕੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਉਨ੍ਹਾਂ ਨੂੰ ਪੰਜਾਬ ਛੱਡਣਾ ਪੈ ਸਕਦਾ ਹੈ।
ਪਾਇਲ ਨੇ ਧਮਕੀ ਭਰੀ ਕਾਲ ਦੀ ਰਿਕਾਰਡਿੰਗ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਦੂਜੇ ਪਾਸੇ, ਮੋਹਾਲੀ ਦੀ ਐਸਪੀ ਗਜ਼ਲਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਪ੍ਰਾਈਵੇਸੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਸ ਸਬੰਧੀ ਵੀਡੀਓ ਸਬੂਤ ਪੁਲਿਸ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਬੂਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। Airbnb ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸੰਬੰਧਤ ਵਿਅਕਤੀ ਕੋਲ ਲੋੜੀਂਦਾ ਲਾਇਸੈਂਸ ਹੈ ਤਾਂ ਸਿਰਫ਼ ਇਸ ਆਧਾਰ ’ਤੇ ਉਸ ਨੂੰ ਬੰਦ ਨਹੀਂ ਕਰਵਾਇਆ ਜਾ ਸਕਦਾ।
ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਫੈਮਿਲੀ ਨਾਲ ਜੁੜੇ ਵਿਵਾਦ
ਬਿੱਗ ਬੌਸ ’ਚ ਦਿੱਤੇ ਬਿਆਨਾਂ ਨੂੰ ਲੈ ਕੇ ਟ੍ਰੋਲਿੰਗ
ਯੂਟਿਊਬਰ ਅਰਮਾਨ ਮਲਿਕ ਨੇ 21 ਜੂਨ 2024 ਨੂੰ ਸ਼ੁਰੂ ਹੋਏ ‘ਬਿੱਗ ਬੌਸ OTT 3’ ਵਿੱਚ ਆਪਣੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਨਾਲ ਐਂਟਰੀ ਕੀਤੀ ਸੀ। ਤਿੰਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਇੱਕੋ ਛੱਤ ਹੇਠ ਪਿਆਰ ਅਤੇ ਆਪਸੀ ਸਾਂਝ ਨਾਲ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਦੀ ਐਂਟਰੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋਈ ਅਤੇ ਉਨ੍ਹਾਂ ’ਤੇ ਬਹੁਵਿਆਹ ਨੂੰ ਉਤਸ਼ਾਹਿਤ ਕਰਨ ਦੇ ਆਰੋਪ ਵੀ ਲੱਗੇ।
ਬਿੱਗ ਬੌਸ ’ਚ ਵਿਸ਼ਾਲ ਪਾਂਡੇ ਨੂੰ ਥੱਪੜ ਮਾਰਨ ਦਾ ਵਿਵਾਦ
7 ਜੁਲਾਈ 2024 ਨੂੰ ‘ਬਿੱਗ ਬੌਸ OTT 3’ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਅਰਮਾਨ ਮਲਿਕ ਨੇ ਕੰਟੈਸਟੈਂਟ ਵਿਸ਼ਾਲ ਪਾਂਡੇ ਨੂੰ ਥੱਪੜ ਮਾਰ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਾਇਲ ਨੇ ਦਾਅਵਾ ਕੀਤਾ ਕਿ ਵਿਸ਼ਾਲ ਨੇ ਕ੍ਰਿਤਿਕਾ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਅਰਮਾਨ ਨੇ ਗੁੱਸੇ ਵਿੱਚ ਵਿਸ਼ਾਲ ਨੂੰ ਥੱਪੜ ਮਾਰ ਦਿੱਤਾ, ਜਿਸ ’ਤੇ ਕਾਫ਼ੀ ਵਿਵਾਦ ਹੋਇਆ।
ਬੱਚਿਆਂ ਦੀ ਕੇਅਰਟੇਕਰ ਨਾਲ ਤੀਜੀ ਸ਼ਾਦੀ ਦੀ ਅਫ਼ਵਾਹ
ਅਕਤੂਬਰ 2024 ਵਿੱਚ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲੀ ਕਿ ਅਰਮਾਨ ਮਲਿਕ ਨੇ ਆਪਣੇ ਬੱਚਿਆਂ ਦੀ ਕੇਅਰਟੇਕਰ ਲਕਸ਼ ਨਾਲ ਤੀਜੀ ਸ਼ਾਦੀ ਕਰ ਲਈ ਹੈ। ਇਹ ਚਰਚਾ ਉਸ ਸਮੇਂ ਹੋਈ ਜਦੋਂ ਲਕਸ਼ ਨੇ ਆਪਣੇ ਹੱਥਾਂ ’ਤੇ ਮਹਿੰਦੀ ਨਾਲ ‘ਸੰਦੀਪ’ ਲਿਖਿਆ ਹੋਇਆ ਵੀਡੀਓ ਸਾਂਝਾ ਕੀਤਾ ਅਤੇ ਕਰਵਾ ਚੌਥ ਮੌਕੇ ਅਰਮਾਨ ਨਾਲ ਵੀਡੀਓ ਬਣਾਈ। ਬਾਅਦ ਵਿੱਚ ਅਰਮਾਨ, ਪਾਇਲ ਅਤੇ ਕ੍ਰਿਤਿਕਾ ਨੇ ਇਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰ ਦਿੱਤਾ।








